ਉਹ ਆਖਰੀ 20 ਮਿੰਟ, ਜਦੋਂ 4 ਦੋਸਤਾਂ ਨੇ ਵਾਰਨ ਨੂੰ ਬਚਾਉਣ ਦੀ ਕੀਤੀ ਸੀ ਕੋਸ਼ਿਸ਼
ਸ਼ੁੱਕਰਵਾਰ 4 ਮਾਰਚ ਦਾ ਦਿਨ ਆਸਟ੍ਰੇਲੀਆਈ ਕ੍ਰਿਕਟ ਪ੍ਰੇਮੀਆਂ ਲਈ ਕਿਸੇ ਕਾਲੇ ਦਿਨ ਤੋਂ ਘੱਟ ਨਹੀਂ ਸੀ। ਸਵੇਰੇ ਰੌਡਨੀ ਮਾਰਸ਼ ਦੀ ਮੌਤ ਨੇ ਕ੍ਰਿਕਟ ਜਗਤ ਨੂੰ ਸੋਗ ਦੇ ਦਿੱਤਾ ਅਤੇ ਸ਼ਾਮ ਤੱਕ ਸਪਿਨ ਦੇ ਜਾਦੂਗਰ ਕਹੇ ਜਾਣ ਵਾਲੇ ਸ਼ੇਨ ਵਾਰਨ ਨੇ ਵੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਦੁਨੀਆ ਭਰ ਦੇ ਪ੍ਰਸ਼ੰਸਕਾਂ ਲਈ ਇਸ ਘਟਨਾ 'ਤੇ ਵਿਸ਼ਵਾਸ ਕਰਨਾ ਮੁਸ਼ਕਲ ਸੀ ਕਿਉਂਕਿ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਵਾਰਨ 52 ਸਾਲ ਦੀ ਉਮਰ 'ਚ ਸਾਨੂੰ ਛੱਡ ਕੇ ਚਲੇ ਜਾਣਗੇ।
ਸ਼ੁਰੂਆਤੀ ਰਿਪੋਰਟਾਂ ਅਨੁਸਾਰ ਸ਼ੇਨ ਵਾਰਨ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਅਤੇ ਉਸ ਸਮੇਂ ਉਹ ਥਾਈਲੈਂਡ ਦੇ ਕੋਹ ਸਾਮੂਈ ਵਿੱਚ ਇੱਕ ਰਿਜ਼ੋਰਟ ਵਿਲਾ ਵਿੱਚ ਠਹਿਰੇ ਹੋਏ ਸਨ। ਥਾਈ ਪੁਲਿਸ ਨੇ ਵੀ ਇਹ ਜਾਣਕਾਰੀ ਮੀਡੀਆ ਨੂੰ ਦਿੱਤੀ ਹੈ। ਉਸ ਦੇ ਚਾਰ ਦੋਸਤਾਂ ਨੇ ਵੀ ਵਾਰਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੇ ਦੋਸਤ ਦੀ ਜਾਨ ਨਹੀਂ ਬਚਾ ਸਕੇ।
ਵਾਰਨ ਦੇ ਦੋਸਤ ਥਾਈਲੈਂਡ ਦੇ ਸਥਾਨਕ ਸਮੇਂ ਮੁਤਾਬਕ ਸ਼ਾਮ 5 ਵਜੇ ਉਸ ਨੂੰ ਡਿਨਰ ਲਈ ਬੁਲਾਉਣ ਗਏ ਸਨ ਪਰ ਜਿਵੇਂ ਹੀ ਉਹ ਵਾਰਨ ਦੇ ਕਮਰੇ 'ਚ ਪਹੁੰਚੇ ਤਾਂ ਉਨ੍ਹਾਂ ਨੇ ਵਾਰਨ ਨੂੰ ਜ਼ਮੀਨ 'ਤੇ ਬੇਹੋਸ਼ ਪਿਆ ਦੇਖਿਆ। ਵਾਰਨ ਨੂੰ ਉਸ ਹਾਲਤ 'ਚ ਦੇਖ ਕੇ ਉਸ ਦੇ ਦੋਸਤਾਂ ਨੇ ਵਾਰਨ ਨੂੰ 20 ਮਿੰਟ ਲਈ CPR (CPR, Cardiopulmonary resuscitation) ਦਿੱਤਾ ਪਰ ਉਸ CPR ਨੇ ਕੰਮ ਨਹੀਂ ਕੀਤਾ।
ਦੋਸਤਾਂ ਨੇ ਫਿਰ ਐਂਬੂਲੈਂਸ ਬੁਲਾਈ ਅਤੇ ਵਾਰਨ ਨੂੰ ਤੁਰੰਤ ਥਾਈ ਇੰਟਰਨੈਸ਼ਨਲ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਉਥੋਂ ਦੇ ਡਾਕਟਰਾਂ ਨੇ ਉਸ ਨੂੰ ਸੀਪੀਆਰ ਵੀ ਦਿੱਤੀ ਪਰ ਕੋਈ ਅਸਰ ਨਹੀਂ ਹੋਇਆ ਤੇ ਆਖਰ ਵਾਰਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇਸ ਖ਼ਬਰ ਦੀ ਪੁਸ਼ਟੀ ਥਾਈਲੈਂਡ ਦੇ ਸੀਨੀਅਰ ਪੁਲਿਸ ਅਧਿਕਾਰੀ ਸੁਪੋਰਨ ਹੇਮਰੂਆਂਗਰੀ ਨੇ ਕੀਤੀ ਹੈ।