IND vs SA: ਜਾਨੇਮਨ- ਡੀ ਕਾਕ ਦਾ ਅਰਧ ਸੈਂਕੜਾ, ਦੱਖਣੀ ਅਫਰੀਕਾ ਨੇ ਦੂਜੇ ਵਨਡੇ ਵਿੱਚ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ
ਜਾਨੇਮਨ ਮਲਾਨ ਅਤੇ ਕਵਿੰਟਨ ਡੀ ਕਾਕ ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ ਦੱਖਣੀ ਅਫਰੀਕਾ ਨੇ ਪਾਰਲ ਵਿਖੇ ਖੇਡੇ ਗਏ ਦੂਜੇ ਵਨਡੇ ਵਿੱਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਨਾਲ ਹੀ ਦੱਖਣੀ ਅਫਰੀਕਾ ਨੇ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ।
ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਮਲਾਨ ਤੇ ਡੀ ਕਾਕ ਨੇ ਮਿਲ ਕੇ ਪਹਿਲੀ ਵਿਕਟ ਲਈ 132 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਤੋਂ ਇਲਾਵਾ ਮਲਾਨ ਅਤੇ ਤੇਂਬਾ ਬਾਵੁਮਾ ਨੇ ਦੂਜੇ ਵਿਕਟ ਲਈ 80 ਦੌੜਾਂ ਦੀ ਸਾਂਝੇਦਾਰੀ ਕੀਤੀ। ਮਲਾਨ ਨੇ 108 ਗੇਂਦਾਂ 'ਚ ਅੱਠ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 91 ਦੌੜਾਂ ਬਣਾਈਆਂ ਜਦਕਿ ਡੀ ਕਾਕ ਨੇ 66 ਗੇਂਦਾਂ 'ਚ ਸੱਤ ਚੌਕਿਆਂ ਤੇ ਤਿੰਨ ਛੱਕਿਆਂ ਦੀ ਮਦਦ ਨਾਲ 78 ਦੌੜਾਂ ਬਣਾਈਆਂ।
ਕਪਤਾਨ ਬਾਵੁਮਾ ਨੇ 36 ਗੇਂਦਾਂ ਵਿੱਚ 35 ਦੌੜਾਂ ਬਣਾਈਆਂ। ਰਾਸੀ ਵੈਨ ਡੇਰ ਡੁਸਨ ਅਤੇ ਏਡਨ ਮਾਰਕਰਮ ਨੇ 37-37 ਦੀ ਅਜੇਤੂ ਪਾਰੀ ਖੇਡ ਕੇ ਦੱਖਣੀ ਅਫਰੀਕਾ ਨੂੰ 11 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਦਿਵਾਈ। ਭਾਰਤ ਲਈ ਜਸਪ੍ਰੀਤ ਬੁਮਰਾਹ, ਸ਼ਾਰਦੁਲ ਠਾਕੁਰ ਅਤੇ ਯੁਜਵੇਂਦਰ ਚਾਹਲ ਨੇ ਇਕ-ਇਕ ਵਿਕਟ ਲਈ।
ਇਸ ਤੋਂ ਪਹਿਲਾਂ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਨਿਰਧਾਰਤ 50 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 287 ਦੌੜਾਂ ਬਣਾਈਆਂ। ਭਾਰਤੀ ਟੀਮ ਲਈ ਰਿਸ਼ਭ ਪੰਤ ਨੇ ਸਭ ਤੋਂ ਵੱਧ 85 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਕਪਤਾਨ ਕੇਐਲ ਰਾਹੁਲ ਨੇ 55 ਦੌੜਾਂ ਬਣਾਈਆਂ, ਜਦਕਿ ਸ਼ਾਰਦੁਲ ਠਾਕੁਰ ਨੇ ਅਜੇਤੂ 40 ਦੌੜਾਂ ਬਣਾਈਆਂ।