
ਆਈ.ਪੀ.ਐੱਲ. ਦੀ ਸ਼ਾਨਦਾਰ ਸਫਲਤਾ ਦੇਖਣ ਤੋਂ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਰਮੀਜ਼ ਰਾਜਾ ਹੁਣ ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ) ਨੂੰ ਇੰਡੀਅਨ ਪ੍ਰੀਮੀਅਰ ਲੀਗ ਬਣਾਉਣ ਦਾ ਸੁਪਨਾ ਦੇਖ ਰਹੇ ਹਨ। ਹਾਲ ਹੀ 'ਚ ਰਮੀਜ਼ ਰਾਜਾ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਹ PSL 'ਚ ਡਰਾਫਟ ਸਿਸਟਮ ਨੂੰ ਹਟਾ ਕੇ ਆਉਣ ਵਾਲੇ ਸਮੇਂ 'ਚ ਨਿਲਾਮੀ ਸ਼ੁਰੂ ਕਰਨਾ ਚਾਹੁੰਦੇ ਹਨ।
ਰਮੀਜ਼ ਰਾਜਾ ਦੇ ਇਸ ਬਿਆਨ ਤੋਂ ਬਾਅਦ ਸੀਨੀਅਰ ਖਿਡਾਰੀ ਸ਼ੋਏਬ ਮਲਿਕ ਨੇ ਵੀ ਉਨ੍ਹਾਂ ਦੇ ਸਮਰਥਨ 'ਚ ਬਿਆਨ ਦਿੱਤਾ ਹੈ ਅਤੇ ਉਦੋਂ ਤੋਂ ਹੀ IPL ਅਤੇ PSL ਦੀ ਤੁਲਨਾ ਵੀ ਸ਼ੁਰੂ ਹੋ ਗਈ ਹੈ। ਹੁਣ ਮਸ਼ਹੂਰ ਕੁਮੈਂਟੇਟਰ ਆਕਾਸ਼ ਚੋਪੜਾ ਨੇ ਪਾਕਿਸਤਾਨ ਸੁਪਰ ਲੀਗ ਅਤੇ ਰਮੀਜ਼ ਰਾਜਾ ਨੂੰ ਅਸਲੀਅਤ ਤੋਂ ਜਾਣੂ ਕਰਵਾਉਣ ਦਾ ਕੰਮ ਕੀਤਾ ਹੈ। ਆਪਣੇ ਯੂਟਿਊਬ ਚੈਨਲ 'ਤੇ ਬੋਲਦਿਆਂ ਆਕਾਸ਼ ਨੇ ਪੀਐਸਐਲ ਦਾ ਮਜ਼ਾਕ ਉਡਾਇਆ।
ਆਕਾਸ਼ ਨੇ ਕਿਹਾ, “ਆਈਪੀਐੱਲ ਵੱਡਾ ਇਸ ਲਈ ਨਹੀਂ ਹੈ ਕਿ ਖਿਡਾਰੀਆਂ ਨੂੰ ਜ਼ਿਆਦਾ ਤਨਖ਼ਾਹ ਮਿਲਦੀ ਹੈ, ਬਲਕਿ ਇਹ ਇੱਕ ਬ੍ਰਾਂਡ ਬਣ ਗਿਆ ਹੈ ਅਤੇ ਇਸ ਲਈ ਆਈਪੀਐਲ ਦੁਨੀਆ ਦੀ ਸਭ ਤੋਂ ਵੱਡੀ ਲੀਗ ਹੈ। ਭਾਵੇਂ ਤੁਸੀਂ ਡਰਾਫਟ ਨੂੰ ਹਟਾ ਕੇ ਨਿਲਾਮੀ ਮਾਡਲ ਲਿਆਉਣ ਬਾਰੇ ਸੋਚ ਰਹੇ ਹੋ, ਅਜਿਹਾ ਹੋਣ ਵਾਲਾ ਨਹੀਂ ਹੈ। ਤੁਸੀਂ ਕਦੇ ਵੀ ਕਿਸੇ ਖਿਡਾਰੀ ਨੂੰ PSL 'ਚ 16 ਕਰੋੜ 'ਚ ਖੇਡਦੇ ਨਹੀਂ ਦੇਖਿਆ ਹੋਵੇਗਾ। ਬਾਜ਼ਾਰ ਦੀ ਗਤੀਸ਼ੀਲਤਾ ਅਜਿਹਾ ਕਦੇ ਨਹੀਂ ਹੋਣ ਦੇਵੇਗੀ।"