
ਭਾਰਤੀ ਟੀਮ ਸ਼ੁੱਕਰਵਾਰ ਨੂੰ ਆਸਟਰੇਲੀਆ ਏ ਖ਼ਿਲਾਫ਼ ਦੂਸਰੇ ਅਭਿਆਸ ਮੈਚ ਵਿੱਚ ਗੇਂਦਬਾਜ਼ੀ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋੰ ਬਾਅਦ ਮੁਸਕਰਾਹਟ ਨਾਲ ਹੋਟਲ ਵਾਪਸ ਪਰਤੇਗੀ। ਭਾਰਤੀ ਗੇਂਦਬਾਜ਼ਾਂ ਨੇ ਨਾ ਸਿਰਫ ਆਸਟਰੇਲੀਆਈ ਬੱਲੇਬਾਜਾਂ ਦੇ ਵਿਕਟ ਲਏ ਬਲਕਿ ਬੱਲੇਬਾਜੀ ਦੌਰਾਨ ਮੱਹਤਵਪੂਰਨ ਦੌੜਾਂ ਵੀ ਬਣਾਈਆੰ। ਜਸਪ੍ਰੀਤ ਬੁਮਰਾਹ ਨੇ ਭਾਰਤ ਏ ਲਈ ਉਸ ਸਮੇਂ ਆਪਣੀ ਪਹਿਲੀ ਫਰਸਟ ਕਲਾਸ ਹਾਫ ਸੇਂਚੁਰੀ ਲਗਾਈ ਜਦੋਂ ਟੀਮ ਦਾ ਸਕੋਰ 123/9 ਸੀ।
ਉਹਨਾਂ ਨੇ ਮੁਹੰਮਦ ਸਿਰਾਜ ਨਾਲ ਮਿਲ ਕੇ ਆਖਰੀ ਵਿਕਟ ਲਈ 71 ਦੌੜਾਂ ਜੋੜੀਆਂ ਅਤੇ ਟੀਮ ਨੂੰ ਪਹਿਲੀ ਪਾਰੀ ਵਿਚ 194 ਦੌੜਾਂ 'ਤੇ ਪਹੁੰਚਾਇਆ।
ਇਸ ਤੋਂ ਪਹਿਲਾਂ ਭਾਰਤੀ ਕਪਤਾਨ ਅਜਿੰਕਿਆ ਰਹਾਣੇ ਨੇ ਗੇਂਦਬਾਜ਼ਾਂ ਲਈ ਮਦਦਗਾਰ ਪਿਚ ਤੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪ੍ਰਿਥਵੀ ਸ਼ਾਅ ਅਤੇ ਸ਼ੁਭਮਨ ਗਿੱਲ ਨੇ ਦੂਸਰੀ ਵਿਕਟ ਲਈ 63 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਪਾਰੀ ਦੇ ਸ਼ੁਰੂ ਵਿਚ ਹੀ ਪਵੇਲੀਅਨ ਪਰਤ ਗਏ। ਸ਼ਾੱ ਨੇ 29 ਗੇਂਦਾਂ ਵਿਚ 40 ਦੌੜਾਂ ਦੀ ਤੇਜ਼ ਪਾਰੀ ਖੇਡੀ ਜਿਸ ਵਿਚ ਅੱਠ ਚੌਕੇ ਸ਼ਾਮਲ ਸਨ, ਜਦੋਂਕਿ ਸ਼ੁਭਮਨ ਗਿੱਲ ਨੇ ਛੇ ਚੌਕਿਆਂ ਅਤੇ ਛੱਕੇ ਦੀ ਮਦਦ ਨਾਲ 43 ਦੌੜਾਂ ਬਣਾਈਆਂ।
ਸ਼ਾੱ ਦੇ ਜਾਣ ਤੋਂ ਬਾਅਦ, ਭਾਰਤੀ ਟੀਮ ਨੇ ਤੇਜ਼ੀ ਨਾਲ ਵਿਕਟ ਗਵਾ ਦਿੱਤੇ ਅਤੇ ਇਕ ਸਮੇਂ ਸਕੋਰ 123/9 ਹੋ ਗਿਆ ਅੰਤ ਵਿਚ ਜਸਪ੍ਰੀਤ ਬੁਮਰਾਹ ਅਤੇ ਮੁਹੰਮਦ ਸਿਰਾਜ ਨੇ ਸ਼ਾਨਦਾਰ ਬੱਲੇਬਾਜੀ ਕਰਦੇ ਹੋਏ ਟੀਮ ਨੂੰ 194 ਦੇ ਸਕੋਰ ਤੱਕ ਪਹੁੰਚਾਇਆ।