
ਗਾਲੇ ਟੈਸਟ 'ਚ ਸ਼੍ਰੀਲੰਕਾ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਪਾਕਿਸਤਾਨ ਨੇ ਇਤਿਹਾਸਕ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਪਾਕਿਸਤਾਨ ਨੇ ਨਾ ਸਿਰਫ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ 1-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ ਸਗੋਂ ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) 'ਚ ਵੀ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਪਾਕਿਸਤਾਨ ਦੀ ਇਸ ਜਿੱਤ ਤੋਂ ਬਾਅਦ ਪਾਕਿਸਤਾਨੀ ਕ੍ਰਿਕਟ ਪੰਡਤ ਕਾਫੀ ਖੁਸ਼ ਹਨ ਅਤੇ ਉਹ ਸੋਸ਼ਲ ਮੀਡੀਆ ਰਾਹੀਂ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੇ ਹਨ।
ਇਸ ਕੜੀ 'ਚ ਪਾਕਿਸਤਾਨ ਦੇ ਸਾਬਕਾ ਲੈੱਗ ਸਪਿਨਰ ਦਾਨਿਸ਼ ਕਨੇਰੀਆ ਨੇ ਵੀ ਪਾਕਿਸਤਾਨ ਦੀ ਜਿੱਤ 'ਤੇ ਖੁਸ਼ੀ ਜਤਾਈ ਪਰ ਇਸ ਦੌਰਾਨ ਉਨ੍ਹਾਂ ਨੇ ਆਸਟ੍ਰੇਲੀਆਈ ਟੀਮ 'ਤੇ ਵੀ ਵਿਅੰਗ ਕੱਸਿਆ। ਪਾਕਿਸਤਾਨ ਦੀ ਜਿੱਤ ਤੋਂ ਬਾਅਦ ਕਨੇਰੀਆ ਨੇ ਕਿਹਾ ਹੈ ਕਿ ਆਸਟ੍ਰੇਲੀਆ ਨੂੰ ਪਾਕਿਸਤਾਨ ਤੋਂ ਸਿੱਖਣਾ ਚਾਹੀਦਾ ਹੈ ਕਿ ਦੂਜੀ ਪਾਰੀ 'ਚ ਬੱਲੇਬਾਜ਼ੀ ਕਿਵੇਂ ਕਰਨੀ ਹੈ।
ਆਪਣੇ ਯੂਟਿਊਬ ਚੈਨਲ 'ਤੇ ਬੋਲਦਿਆਂ ਕਨੇਰੀਆ ਨੇ ਕਿਹਾ, 'ਪਾਕਿਸਤਾਨ ਨੇ ਲੰਕਾ 'ਚ ਜੋ ਡੰਕਾ ਬਜਾਇਆ ਹੈ, ਉਹ ਸ਼ਲਾਘਾਯੋਗ ਹੈ। ਪਾਕਿਸਤਾਨ ਨੇ ਸ਼੍ਰੀਲੰਕਾ ਦਾ ਸਭ ਕੁਝ ਤਬਾਹ ਕਰ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਆਸਟ੍ਰੇਲੀਆ ਨੂੰ ਵੀ ਪਾਕਿਸਤਾਨ ਤੋਂ ਸਿੱਖਣਾ ਚਾਹੀਦਾ ਹੈ ਕਿ ਦੂਜੀ ਪਾਰੀ 'ਚ ਬੱਲੇਬਾਜ਼ੀ ਕਿਵੇਂ ਕਰਨੀ ਹੈ। ਦੂਜੀ ਪਾਰੀ ਵਿੱਚ ਜਦੋਂ ਤੁਸੀਂ ਪਿੱਛਾ ਕਰ ਰਹੇ ਹੋ, ਤੁਹਾਨੂੰ ਇਸ ਤਰ੍ਹਾਂ ਦੀ ਬੱਲੇਬਾਜ਼ੀ ਦੀ ਲੋੜ ਹੁੰਦੀ ਹੈ ਅਤੇ ਉੱਥੇ ਸ਼੍ਰੀਲੰਕਾ ਨੇ ਦੂਜਾ ਟੈਸਟ ਜਿੱਤਣ 'ਤੇ ਆਸਟ੍ਰੇਲੀਆਈ ਟੀਮ ਕਮਜ਼ੋਰ ਦਿਖਾਈ ਦਿੱਤੀ।'