
ਆਈਪੀਐਲ 13 ਦੇ ਅਹਿਮ ਮੁਕਾਬਲੇ ਵਿਚ ਤਿੰਨ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਜ ਨਾਲ ਹੋਣ ਜਾ ਰਿਹਾ ਹੈ. ਦੋਵੇਂ ਟੀਮਾਂ ਅਬੁ ਧਾਬੀ ਦੇ ਸ਼ੇਖ ਜਾਇਦ ਸਟੇਡਿਅਮ ਵਿਖੇ ਆਹਮਣੇ-ਸਾਹਮਣੇ ਹੋਣਗੀਆਂ. ਚੇਨਈ ਆਪਣੇ ਪਿਛਲੇ ਮੁਕਾਬਲੇ ਨੂੰ ਜਿੱਤ ਕੇ ਫੌਰਮ ਵਿਚ ਵਾਪਸ ਆਉਂਦੀ ਦਿਖ ਰਹੀ ਹੈ. ਸੀਜ਼ਨ ਦੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ ਹਰਾਉਣ ਤੋਂ ਬਾਅਦ ਟੀਮ ਲਗਾਤਾਰ ਤਿੰਨ ਮੈਚਾਂ ਵਿੱਚ ਹਾਰ ਗਈ ਸੀ ਅਤੇ ਹੁਣ ਇਕ ਵਾਰ ਫਿਰ ਮਾਹੀ ਦੀ ਟੀਮ ਜਿੱਤ ਦੀ ਪਟਰੀ ਤੇ ਵਾਪਸ ਆ ਗਈ ਹੈ.
ਸੀਐਸਕੇ ਲਈ ਚੰਗੀ ਗੱਲ ਇਹ ਹੈ ਕਿ ਸ਼ੇਨ ਵਾਟਸਨ ਫੌਰਮ ਵਿਚ ਵਾਪਸ ਆ ਗਏ ਹਨ. ਉਹਨਾਂ ਨੇ ਪਿਛਲੇ ਮੈਚ ਵਿਚ ਇਨ-ਫੌਰਮ ਬੱਲੇਬਾਜ਼ ਫਾਫ ਡੂ ਪਲੇਸਿਸ ਨਾਲ ਪਹਿਲੇ ਵਿਕਟ ਲਈ 181 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ ਅਤੇ ਟੀਮ ਨੂੰ ਜਿੱਤ ਦਿਵਾਈ ਸੀ.
ਕੋਲਕਾਤਾ ਖ਼ਿਲਾਫ਼, ਮਹਿੰਦਰ ਸਿੰਘ ਧੋਨੀ ਇਨ੍ਹਾਂ ਦੋਵਾਂ ਤੋਂ ਇਸੇ ਤਰ੍ਹਾਂ ਦੀ ਸ਼ੁਰੂਆਤੀ ਸਾਂਝੇਦਾਰੀ ਦੀ ਉਮੀਦ ਕਰਣਗੇ. ਇਨ੍ਹਾਂ ਦੋਵਾਂ ਤੋਂ ਬਾਅਦ ਟੀਮ ਵਿੱਚ ਅੰਬਾਤੀ ਰਾਇਡੂ, ਕੇਦਾਰ ਜਾਧਵ, ਡਵੇਨ ਬ੍ਰਾਵੋ, ਰਵਿੰਦਰ ਜਡੇਜਾ ਅਤੇ ਧੋਨੀ ਖੁਦ ਹਨ. ਹਾਲਾਂਕਿ, ਧੋਨੀ ਦੇ ਬੱਲੇਬਾਜ਼ੀ ਕ੍ਰਮ ਬਾਰੇ ਸਵਾਲ ਖੜੇ ਕੀਤੇ ਜਾ ਰਹੇ ਹਨ.