
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੇ ਗਏ ਦੁਬਾਰਾ ਨਿਰਧਾਰਿਤ ਟੈਸਟ ਨੂੰ ਮੇਜ਼ਬਾਨ ਟੀਮ ਨੇ ਜੋ ਰੂਟ (142) ਅਤੇ ਜੌਨੀ ਬੇਅਰਸਟੋ (114) ਦੀਆਂ ਸ਼ਾਨਦਾਰ ਸੈਂਕੜੇ ਵਾਲੀਆਂ ਪਾਰੀਆਂ ਦੇ ਆਧਾਰ 'ਤੇ 7 ਵਿਕਟਾਂ ਨਾਲ ਜਿੱਤ ਲਿਆ। ਇਸ ਮੈਚ 'ਚ ਭਾਰਤੀ ਟੀਮ ਤਿੰਨ ਦਿਨ ਦੀ ਖੇਡ 'ਤੇ ਅੱਗੇ ਨਜ਼ਰ ਆਈ ਪਰ ਆਖਰੀ ਦੋ ਦਿਨਾਂ 'ਚ ਇੰਗਲੈਂਡ ਨੇ ਸਾਰੇ ਅੰਕੜੇ ਬਦਲਦੇ ਹੋਏ ਸਭ ਤੋਂ ਵੱਡੇ ਟੀਚੇ (378 ਦੌੜਾਂ) ਦਾ ਪਿੱਛਾ ਕਰਦੇ ਹੋਏ ਮੈਚ ਜਿੱਤ ਕੇ ਸੀਰੀਜ਼ 2-2 ਨਾਲ ਬਰਾਬਰ ਕਰ ਲਈ।
ਇਸ ਮੈਚ 'ਚ ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜਿਸ ਤੋਂ ਬਾਅਦ ਭਾਰਤੀ ਟੀਮ ਦਾ ਟਾਪ ਆਰਡਰ ਤਾਸ਼ ਦੇ ਪੱਤਿਆਂ ਵਾਂਗ ਚਕਨਾਚੂਰ ਹੋ ਗਿਆ। ਮਹਿਮਾਨ ਟੀਮ ਨੇ ਆਪਣੀ ਪਹਿਲੀ ਪਾਰੀ 'ਚ 98 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਸਨ ਪਰ ਇਸ ਤੋਂ ਬਾਅਦ ਰਿਸ਼ਭ ਪੰਤ (146) ਅਤੇ ਰਵਿੰਦਰ ਜਡੇਜਾ (104) ਨੇ ਸੈਂਕੜੇ ਲਗਾ ਕੇ ਟੀਮ ਨੂੰ ਸੰਭਾਲ ਲਿਆ। ਪੰਤ ਅਤੇ ਜਡੇਜਾ ਦੀ ਪਾਰੀ ਦੇ ਦਮ 'ਤੇ ਭਾਰਤੀ ਟੀਮ ਨੇ ਸਕੋਰ ਬੋਰਡ 'ਤੇ 416 ਦੌੜਾਂ ਬਣਾਈਆਂ। ਇਸ ਦੌਰਾਨ ਇੰਗਲੈਂਡ ਲਈ ਜੇਮਸ ਐਂਡਰਸਨ ਨੇ 5 ਵਿਕਟਾਂ ਲਈਆਂ।
ਭਾਰਤੀ ਸਕੋਰ ਦਾ ਜਵਾਬ ਦੇਣ ਉਤਰੀ ਇੰਗਲੈਂਡ ਦੀ ਟੀਮ ਪਹਿਲੀ ਪਾਰੀ ਵਿੱਚ 284 ਦੌੜਾਂ ਹੀ ਬਣਾ ਸਕੀ। ਇੰਗਲੈਂਡ ਦਾ ਟਾਪ ਆਰਡਰ ਵੀ ਪੂਰੀ ਤਰ੍ਹਾਂ ਫਲਾਪ ਨਜ਼ਰ ਆਇਆ। ਪਰ ਇਸ ਤੋਂ ਬਾਅਦ ਸ਼ਾਨਦਾਰ ਫਾਰਮ 'ਚ ਨਜ਼ਰ ਆ ਰਹੇ ਜੌਨੀ ਬੇਅਰਸਟੋ ਨੇ 106 ਦੌੜਾਂ ਬਣਾ ਕੇ ਮੇਜ਼ਬਾਨ ਟੀਮ ਨੂੰ ਸਨਮਾਨਜਨਕ ਸਕੋਰ ਤੱਕ ਪਹੁੰਚਾਇਆ। ਭਾਰਤੀ ਟੀਮ ਲਈ ਮੁਹੰਮਦ ਸਿਰਾਜ ਨੇ 4 ਅਤੇ ਜਸਪ੍ਰੀਤ ਬੁਮਰਾਹ ਨੇ 3 ਵਿਕਟਾਂ ਲਈਆਂ।