
ਭਾਰਤੀ ਫੈਂਸ 2019 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਖਿਲਾਫ ਮਿਲੀ ਹਾਰ ਨੂੰ ਅਜੇ ਤੱਕ ਭੁੱਲ ਨਹੀਂ ਸਕੇ ਹਨ। ਉਸ ਸੈਮੀਫਾਈਨਲ ਮੈਚ 'ਚ ਭਾਰਤੀ ਟੀਮ ਦੀ ਬੱਲੇਬਾਜ਼ੀ ਫਲਾਪ ਸਾਬਤ ਹੋਈ ਸੀ ਅਤੇ ਟੀਮ ਇੰਡੀਆ ਦੀ ਰਣਨੀਤੀ 'ਤੇ ਵੀ ਕਈ ਸਵਾਲ ਖੜ੍ਹੇ ਹੋਏ ਸਨ। ਇਸ ਮੈਚ 'ਚ ਐੱਮ.ਐੱਸ.ਧੋਨੀ ਨੂੰ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਲਈ ਭੇਜਿਆ ਗਿਆ ਸੀ, ਜਿਸ ਨੂੰ ਲੈ ਕੇ ਅਜੇ ਵੀ ਹੰਗਾਮਾ ਜਾਰੀ ਹੈ।
ਟੀਮ ਇੰਡੀਆ ਨੂੰ ਫਾਈਨਲ 'ਚ ਪਹੁੰਚਣ ਲਈ 240 ਦੌੜਾਂ ਦਾ ਟੀਚਾ ਮਿਲਿਆ ਸੀ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਛੇਤੀ ਹੀ ਸਿਖਰਲੇ ਕ੍ਰਮ ਨੂੰ ਗੁਆ ਬੈਠੀ। ਅਜਿਹੇ 'ਚ ਟੀਮ ਪ੍ਰਬੰਧਨ ਨੇ ਮਹਿੰਦਰ ਸਿੰਘ ਧੋਨੀ ਨੂੰ ਭੇਜਣ ਦੀ ਬਜਾਏ ਦਿਨੇਸ਼ ਕਾਰਤਿਕ ਅਤੇ ਹਾਰਦਿਕ ਪੰਡਯਾ ਨੂੰ ਅੱਗੇ ਭੇਜਣ ਦਾ ਫੈਸਲਾ ਕੀਤਾ। ਉਸ ਸਮੇਂ ਵੀ ਇਸ ਫੈਸਲੇ ਦੀ ਆਲੋਚਨਾ ਹੋਈ ਸੀ ਅਤੇ ਹੁਣ ਇਕ ਵਾਰ ਫਿਰ ਪਾਰਥਿਵ ਪਟੇਲ ਨੇ ਟੀਮ ਪ੍ਰਬੰਧਨ ਨੂੰ ਉਸ ਗਲਤੀ ਦੀ ਯਾਦ ਦਿਵਾਈ ਹੈ।
ਕ੍ਰਿਕਬਜ਼ 'ਤੇ ਚਰਚਾ ਦੌਰਾਨ, ਸਾਬਕਾ ਵਿਕਟਕੀਪਰ-ਬੱਲੇਬਾਜ਼ ਨੇ ਕਿਹਾ, "2019 ਵਿਸ਼ਵ ਕੱਪ ਸੈਮੀਫਾਈਨਲ ਵਿੱਚ, ਅਸੀਂ ਦਿਨੇਸ਼ ਕਾਰਤਿਕ ਨੂੰ ਪੰਜ 'ਤੇ ਬੱਲੇਬਾਜ਼ੀ ਕਰਨ ਲਈ ਅਤੇ ਐਮਐਸ ਧੋਨੀ ਨੂੰ ਸੱਤ 'ਤੇ ਬੱਲੇਬਾਜ਼ੀ ਲਈ ਭੇਜਿਆ ਸੀ। ਮੈਨੂੰ ਨਹੀਂ ਪਤਾ ਕਿ ਐਮਐਸ ਧੋਨੀ ਤੁਹਾਨੂੰ ਡਰੈਸਿੰਗ ਰੂਮ ਤੋਂ ਮੈਚ ਕਿਵੇਂ ਜਿਤਵਾ ਸਕਦਾ ਹੈ। ਜਦੋਂ ਤੁਸੀਂ ਚੈਂਪੀਅਨਜ਼ ਟਰਾਫੀ ਫਾਈਨਲ (2017) 'ਤੇ ਨਜ਼ਰ ਮਾਰਦੇ ਹੋ, ਤਾਂ ਭਾਰਤ ਨੇ ਉਸ ਵਿਕਟ 'ਤੇ ਪਹਿਲਾਂ ਗੇਂਦਬਾਜ਼ੀ ਕਰਨ ਦੀ ਚੋਣ ਕਰਕੇ ਗਲਤੀ ਕੀਤੀ ਸੀ। 2019 ਵਿਸ਼ਵ ਕੱਪ ਵਿੱਚ, ਅਸੀਂ ਆਪਣੀ ਟੀਮ ਦੀ ਚੌਣ ਸਹੀ ਢੰਗ ਨਾਲ ਨਹੀਂ ਕੀਤੀ ਅਤੇ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਸਾਨੂੰ ਦੋ ਸਾਲਾਂ ਤੱਕ ਨੰਬਰ 4 ਬੱਲੇਬਾਜ਼ ਨਹੀਂ ਮਿਲਿਆ।"