
ਵਿਕਟਕੀਪਰ ਰਿਧੀਮਾਨ ਸਾਹਾ (68) ਦੇ ਅਰਧ ਸੈਂਕੜੇ ਅਤੇ ਆਲਰਾਊਂਡਰ ਰਾਸ਼ਿਦ-ਤੇਵਤੀਆ ਦੀ ਧਮਾਕੇਦਾਰ ਸਾਂਝੇਦਾਰੀ ਦੀ ਮਦਦ ਨਾਲ ਗੁਜਰਾਤ ਟਾਈਟਨਜ਼ (ਜੀਟੀ) ਨੇ ਬੁੱਧਵਾਰ ਨੂੰ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਰੋਮਾਂਚਕ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ (ਐਸਆਰਐਚ) ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਹੈਦਰਾਬਾਦ ਨੇ 20 ਓਵਰਾਂ 'ਚ ਛੇ ਵਿਕਟਾਂ ਦੇ ਨੁਕਸਾਨ 'ਤੇ 195 ਦੌੜਾਂ ਬਣਾਈਆਂ ਸਨ ਅਤੇ ਗੁਜਰਾਤ ਨੂੰ 196 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਟੀਮ ਨੇ ਆਸਾਨੀ ਨਾਲ ਪਾਰ ਕਰ ਲਿਆ।
ਇਸ ਦੇ ਨਾਲ ਹੀ ਹੈਦਰਾਬਾਦ ਦੇ ਗੇਂਦਬਾਜ਼ ਉਮਰਾਨ ਮਲਿਕ ਨੇ ਪੰਜ ਵਿਕਟਾਂ ਲਈਆਂ। 196 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਟਾਈਟਨਜ਼ ਦੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਸਲਾਮੀ ਜੋੜੀ ਰਿਧੀਮਾਨ ਸਾਹਾ ਅਤੇ ਸ਼ੁਭਮਨ ਗਿੱਲ ਨੇ ਪਹਿਲੇ ਪਾਵਰਪਲੇ ਵਿੱਚ 59 ਦੌੜਾਂ ਜੋੜੀਆਂ। ਗੁਜਰਾਤ ਨੂੰ ਪਹਿਲਾ ਝਟਕਾ ਅੱਠਵੇਂ ਓਵਰ ਵਿੱਚ ਲੱਗਾ ਜਦੋਂ ਗੇਂਦਬਾਜ਼ ਉਮਰਾਨ ਮਲਿਕ ਨੇ ਸ਼ੁਭਮਨ ਗਿੱਲ ਨੂੰ ਕਲੀਨ ਬੋਲਡ ਕਰ ਦਿੱਤਾ।
ਸ਼ੁਭਮਨ ਨੇ 24 ਗੇਂਦਾਂ ਵਿੱਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 22 ਦੌੜਾਂ ਬਣਾਈਆਂ। ਇਸ ਤੋਂ ਬਾਅਦ ਹਾਰਦਿਕ ਪੰਡਯਾ ਕ੍ਰੀਜ਼ 'ਤੇ ਆਏ। ਇਸ ਦੇ ਨਾਲ ਹੀ ਉਮਰਾਨ ਮਲਿਕ ਨੇ ਪੰਡਯਾ ਦੇ ਰੂਪ 'ਚ ਗੁਜਰਾਤ ਨੂੰ ਦੂਜਾ ਝਟਕਾ ਦਿੱਤਾ। ਉਸ ਨੇ ਪੰਡਯਾ (10) ਨੂੰ ਮਾਰਕੋ ਯੈਨਸਨ ਹੱਥੋਂ ਕੈਚ ਕਰਵਾਇਆ। ਇਸ ਤੋਂ ਬਾਅਦ ਡੇਵਿਡ ਮਿਲਰ ਕ੍ਰੀਜ਼ 'ਤੇ ਆਏ ਅਤੇ ਰਿਧੀਮਾਨ ਸਾਹਾ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ। 10 ਓਵਰਾਂ ਤੋਂ ਬਾਅਦ ਗੁਜਰਾਤ ਦਾ ਸਕੋਰ ਦੋ ਵਿਕਟਾਂ 'ਤੇ 91 ਦੌੜਾਂ ਸੀ।