ਜਦੋਂ ਮੋਦੀ ਜੀ ਸਾਡੇ ਨਾਲ ਗੱਲ ਕਰਦੇ ਹਨ ਤਾਂ ਲੱਗਦਾ ਹੈ ਪੂਰਾ ਦੇਸ਼ ਸਾਡੇ ਨਾਲ ਖੜ੍ਹਾ ਹੈ।
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਪੀਐਮ ਮੋਦੀ ਨੂੰ ਲੈ ਕੇ ਭਾਵੁਕ ਸੰਦੇਸ਼ ਦਿੱਤਾ ਹੈ।
ਬੇਸ਼ੱਕ ਭਾਰਤੀ ਮਹਿਲਾ ਕ੍ਰਿਕਟ ਟੀਮ ਰਾਸ਼ਟਰਮੰਡਲ ਖੇਡਾਂ 2022 'ਚ ਸੋਨ ਤਮਗਾ ਨਹੀਂ ਜਿੱਤ ਸਕੀ ਪਰ ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ 'ਚ ਟੀਮ ਨੇ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਨੂੰ ਮਾਣ ਮਹਿਸੂਸ ਕਰਨ ਦਾ ਮੌਕਾ ਜ਼ਰੂਰ ਦਿੱਤਾ ਹੈ। ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਭਾਰਤੀ ਮਹਿਲਾ ਟੀਮ ਨੇ ਸ਼ਨੀਵਾਰ ਨੂੰ ਘਰ ਵਾਪਸੀ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਮੁਲਾਕਾਤ ਕੀਤੀ।
ਪੀਐਮ ਮੋਦੀ ਨੂੰ ਮਿਲਣ ਤੋਂ ਬਾਅਦ ਹਰਮਨਪ੍ਰੀਤ ਬਹੁਤ ਖੁਸ਼ ਨਜ਼ਰ ਆਈ ਅਤੇ ਕਿਹਾ ਕਿ ਪੀਐਮ ਮੋਦੀ ਪ੍ਰੇਰਨਾ ਸਰੋਤ ਹਨ ਜੋ ਖਿਡਾਰੀਆਂ ਦੀ ਸਖ਼ਤ ਮਿਹਨਤ ਅਤੇ ਪ੍ਰਾਪਤੀਆਂ ਨੂੰ ਪਛਾਣਦੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਹਾਲ ਹੀ ਵਿੱਚ ਸਮਾਪਤ ਹੋਈਆਂ 2022 ਰਾਸ਼ਟਰਮੰਡਲ ਖੇਡਾਂ ਵਿੱਚ ਭਾਗ ਲੈਣ ਵਾਲੇ ਭਾਰਤੀ ਐਥਲੀਟਾਂ ਨਾਲ ਆਪਣੀ ਸਰਕਾਰੀ ਰਿਹਾਇਸ਼ 'ਤੇ ਗੱਲਬਾਤ ਕੀਤੀ। ਇਸ ਮੌਕੇ ਮਹਿਲਾ ਕ੍ਰਿਕਟ ਟੀਮ ਵੀ ਮੌਜੂਦ ਸੀ।
Trending
ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਹੋਏ ਵਿਸ਼ੇਸ਼ ਸਮਾਗਮ 'ਚ ਸਬੰਧਿਤ ਟੀਮਾਂ ਦੇ ਕੋਚ ਅਤੇ ਐਥਲੀਟਾਂ ਦੇ ਨਾਲ-ਨਾਲ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਸ਼ਿਰਕਤ ਕੀਤੀ। ਪੀਐਮ ਮੋਦੀ ਨਾਲ ਮੁਲਾਕਾਤ ਤੋਂ ਬਾਅਦ ਹਰਮਨ ਨੇ ਕੁਝ ਅਜਿਹਾ ਕਿਹਾ ਜੋ ਮੋਦੀ ਜੀ ਦੇ ਪ੍ਰਸ਼ੰਸਕਾਂ ਨੂੰ ਬਹੁਤ ਪਸੰਦ ਆਵੇਗਾ। ਏਐਨਆਈ ਨਾਲ ਗੱਲ ਕਰਦੇ ਹੋਏ ਹਰਮਨ ਨੇ ਕਿਹਾ, "ਦੇਸ਼ ਦੇ ਪੀਐਮ ਤੋਂ ਪ੍ਰੇਰਨਾ ਲੈਣੀ ਬਹੁਤ ਜ਼ਰੂਰੀ ਹੈ। ਜਦੋਂ ਪੀਐਮ ਮੋਦੀ ਸਾਡੇ ਨਾਲ ਗੱਲ ਕਰਦੇ ਹਨ ਤਾਂ ਲੱਗਦਾ ਹੈ ਕਿ ਪੂਰਾ ਦੇਸ਼ ਸਾਡੇ ਨਾਲ ਖੜ੍ਹਾ ਹੈ ਅਤੇ ਹਰ ਕੋਈ ਸਾਡੀ ਮਿਹਨਤ ਦੀ ਸ਼ਲਾਘਾ ਕਰ ਰਿਹਾ ਹੈ। ਸਾਡੀ ਕ੍ਰਿਕਟ ਟੀਮ ਲਈ ਵੱਡੀ ਪ੍ਰਾਪਤੀ ਹੈ।"
ਦੱਸ ਦਈਏ ਕਿ ਬਰਮਿੰਘਮ 'ਚ ਖੇਡੀਆਂ ਗਈਆਂ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਹਰਮਨ ਦੀ ਟੀਮ ਆਸਟ੍ਰੇਲੀਆ ਖਿਲਾਫ ਵਧੀਆ ਕੰਮ ਨਹੀਂ ਕਰ ਸਕੀ ਅਤੇ ਲੀਗ ਮੈਚਾਂ ਤੋਂ ਬਾਅਦ ਫਾਈਨਲ 'ਚ ਕੰਗਾਰੂਆਂ ਹੱਥੋਂ ਹਾਰ ਗਈ ਸੀ। ਹਾਲਾਂਕਿ ਆਸਟ੍ਰੇਲੀਆ ਖਿਲਾਫ ਪ੍ਰਦਰਸ਼ਨ ਨੂੰ ਛੱਡ ਕੇ ਭਾਰਤੀ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਪਾਕਿਸਤਾਨ, ਬਾਰਬਾਡੋਸ ਅਤੇ ਫਿਰ ਇੰਗਲੈਂਡ ਨੂੰ ਹਰਾਇਆ ਸੀ।