
ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਦੱਖਣੀ ਅਫਰੀਕਾ ਦੇ ਮਹਾਨ ਬੱਲੇਬਾਜ਼ ਹਾਸ਼ਿਮ ਅਮਲਾ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਏ ਹਨ। ਅਮਲਾ ਇਸ ਸਮੇਂ ਇੰਗਲੈਂਡ ਵਿਚ ਕਾਉਂਟੀ ਮੈਚ ਖੇਡ ਰਿਹਾ ਹੈ ਅਤੇ ਇਸ ਦੌਰਾਨ ਉਸਨੇ ਪਹਿਲੀ ਸ਼੍ਰੇਣੀ ਦੇ ਕ੍ਰਿਕਟ ਦੇ ਇਤਿਹਾਸ ਵਿਚ ਸਭ ਤੋਂ ਹੌਲੀ ਪਾਰੀ ਖੇਡੀ ਹੈ।
ਅਮਲਾ ਨੇ ਰੋਜ਼ ਬਾਉਲ ਮੈਦਾਨ ਵਿਚ ਸਰੀ ਲਈ ਖੇਡਦੇ ਹੋਏ ਹੈਂਪਸ਼ਾਇਰ ਖ਼ਿਲਾਫ਼ ਧੀਰਜ ਨਾਲ ਬੱਲੇਬਾਜ਼ੀ ਕੀਤੀ ਅਤੇ ਆਪਣੀ ਟੀਮ ਨੂੰ ਕਾਉਂਟੀ ਚੈਂਪੀਅਨਸ਼ਿਪ ਮੈਚ ਡਰਾਅ ਕਰਨ ਵਿਚ ਸਹਾਇਤਾ ਕੀਤੀ। ਅਮਲਾ ਨੇ ਦਿਨ ਭਰ ਧੀਰਜ ਨਾਲ ਬੱਲੇਬਾਜ਼ੀ ਕਰਦਿਆਂ 46.3 ਓਵਰਾਂ ਭਾਵ 278 ਗੇਂਦਾਂ ਵਿੱਚ ਬੱਲੇਬਾਜ਼ੀ ਕੀਤੀ ਅਤੇ 37 ਦੌੜਾਂ ’ਤੇ ਅਜੇਤੂ ਰਿਹਾ। ਉਸ ਦੀ ਹੌਲੀ ਪਾਰੀ ਨੇ ਸਰੀ ਨੂੰ ਮੈਚ ਡ੍ਰਾ ਕਰਨ ਵਿੱਚ ਸਹਾਇਤਾ ਕੀਤੀ ਜੋ ਕਿ ਇਕ ਸਮੇਂ ਹਾਰ ਵੱਲ ਵੱਧਦੀ ਹੋਈ ਦਿਖ ਰਹੀ ਸੀ।
ਉਸਦੀ 37 ਦੌੜਾਂ ਦੀ ਹੌਲੀ ਪਾਰੀ ਕਾਰਨ ਉਸ ਦੇ ਨਾਮ ‘ਤੇ ਇਕ ਵਿਸ਼ੇਸ਼ ਰਿਕਾਰਡ ਵੀ ਦਰਜ ਹੋ ਗਿਆ। ਅਮਲਾ ਨੇ ਆਪਣੀ ਪਾਰੀ ਵਿਚ 278 ਗੇਂਦਾਂ ਦਾ ਸਾਹਮਣਾ ਕੀਤਾ, ਜੋ ਕਿ ਇਕ ਬੱਲੇਬਾਜ਼ ਦੁਆਰਾ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ 40 ਤੋਂ ਘੱਟ ਦੇ ਸਕੋਰ ਲਈ ਸਭ ਤੋਂ ਜ਼ਿਆਦਾ ਗੇਂਦਾਂ ਹਨ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਲਾ ਨੇ ਇੰਨੀ ਹੌਲੀ ਪਾਰੀ ਖੇਡੀ ਹੋਵੇ।