 
                                                    ਪਹਿਲੇ ਟੈਸਟ ਮੈਚ ਵਿੱਚ ਆਸਟਰੇਲੀਆ ਖਿਲਾਫ ਸ਼ਰਮਨਾਕ ਹਾਰ ਤੋਂ ਬਾਅਦ ਦੂਸਰੇ ਮੈਚ ਵਿੱਚ ਟੀਮ ਇੰਡੀਆ ਵਿੱਚ ਕਈ ਤਬਦੀਲੀਆਂ ਵੇਖੀਆਂ ਜਾ ਸਕਦੀਆਂ ਹਨ। ਇਨ੍ਹਾਂ ਵਿੱਚੋਂ ਇੱਕ ਤਬਦੀਲੀ ਵਿਕਟਕੀਪਰ ਰਿਧੀਮਾਨ ਸਾਹਾ ਦੀ ਜਗ੍ਹਾ ਨੌਜਵਾਨ ਵਿਕਟਕੀਪਰ ਰਿਸ਼ਭ ਪੰਤ ਦੇ ਰੂਪ ਵਿੱਚ ਕੀਤੀ ਜਾ ਸਕਦੀ ਹੈ। ਰੋਹਿਤ ਸ਼ਰਮਾ ਵੀ ਆਸਟਰੇਲੀਆ ਵਿੱਚ ਹਨ, ਪਰ ਉਹ ਕਵਾਰੰਟੀਨ ਨਿਯਮਾਂ ਕਾਰਨ ਦੂਸਰੇ ਟੈਸਟ ਵਿੱਚ ਨਹੀਂ ਖੇਡ ਸਕਣਗੇ।
ਹੁਣ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਆਸਟਰੇਲੀਆ ਖ਼ਿਲਾਫ਼ ਚੱਲ ਰਹੀ ਟੈਸਟ ਸੀਰੀਜ਼ ਲਈ ਜਿੰਨੀ ਜਲਦੀ ਹੋ ਸਕੇ ਰੋਹਿਤ ਸ਼ਰਮਾ ਨੂੰ ਭਾਰਤੀ ਟੀਮ ਵਿੱਚ ਸ਼ਾਮਲ ਕਰਨ ਦੀ ਵਕਾਲਤ ਕੀਤੀ ਹੈ।
ਪੌਂਟਿੰਗ ਦਾ ਮੰਨਣਾ ਹੈ ਕਿ ਰੋਹਿਤ ਮੌਜੂਦਾ ਭਾਰਤੀ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਅਤੇ ਮਯੰਕ ਅਗਰਵਾਲ ਨਾਲੋਂ ਕਿਤੇ ਬਿਹਤਰ ਹੈ। ਸ਼ਾਅ ਅਤੇ ਮਯੰਕ ਪਹਿਲੇ ਟੈਸਟ ਵਿਚ ਦੋਵਾਂ ਪਾਰੀਆਂ ਵਿਚ ਸਿਰਫ 30 ਦੌੜਾਂ ਹੀ ਜੋੜ ਸਕੇ ਸਨ। ਭਾਰਤ ਨੂੰ ਦੂਸਰੀ ਪਾਰੀ ਵਿਚ 36 ਦੌੜਾਂ 'ਤੇ ਢੇਰ ਹੇਣ ਤੋਂ ਬਾਅਦ ਪਹਿਲੇ ਟੈਸਟ ਵਿਚ ਅੱਠ ਵਿਕਟਾਂ ਦੀ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਨਾ ਸਿਰਫ ਕਈ ਦਿੱਗਜ, ਬਲਕਿ ਪ੍ਰਸ਼ੰਸਕ ਵੀ ਰੋਹਿਤ ਨੂੰ ਜਲਦ ਤੋਂ ਜਲਦ ਟੀਮ ਵਿੱਚ ਸ਼ਾਮਲ ਕਰਨ ਦੀ ਮੰਗ ਕਰ ਰਹੇ ਹਨ।
 
                         
                         
                                                 
                         
                         
                         
                        