
ਕਪਤਾਨ ਰੋਹਿਤ ਸ਼ਰਮਾ (40) ਅਤੇ ਸੂਰਿਆਕੁਮਾਰ ਯਾਦਵ (ਅਜੇਤੂ 34) ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਭਾਰਤ ਨੇ ਬੁੱਧਵਾਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਵਿੱਚ ਖੇਡੇ ਗਏ ਪਹਿਲੇ ਟੀ-20 ਮੈਚ ਵਿੱਚ ਵੈਸਟਇੰਡੀਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ।
ਵੈਸਟਇੰਡੀਜ਼ ਦੀਆਂ 157 ਦੌੜਾਂ ਦੇ ਜਵਾਬ 'ਚ ਭਾਰਤ ਨੇ ਟੀਚੇ ਦਾ ਪਿੱਛਾ ਕਰਦਿਆਂ ਚਾਰ ਵਿਕਟਾਂ ਦੇ ਨੁਕਸਾਨ 'ਤੇ 162 ਦੌੜਾਂ ਬਣਾ ਲਈਆਂ। ਵੈਸਟਇੰਡੀਜ਼ ਲਈ ਰੋਸਟਨ ਚੇਜ਼ ਨੇ ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਫੈਬੀਅਨ ਐਲਨ ਅਤੇ ਸ਼ੈਲਡਨ ਕੌਟਰੇਲ ਨੇ ਇਕ-ਇਕ ਵਿਕਟ ਲਈ। ਰਵੀ ਬਿਸ਼ਨੋਈ ਨੂੰ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ ਦਾ ਮੈਚ ਚੁਣਿਆ ਗਿਆ।
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਰਹੀ ਕਿਉਂਕਿ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਈਸ਼ਾਨ ਕਿਸ਼ਨ ਨੇ ਪਾਵਰਪਲੇ 'ਚ ਬਿਨਾਂ ਕੋਈ ਵਿਕਟ ਗੁਆਏ 58 ਦੌੜਾਂ ਬਣਾਈਆਂ। ਭਾਰਤੀ ਟੀਮ ਨੂੰ ਜਿੱਤ ਲਈ ਅਜੇ 100 ਦੌੜਾਂ ਦੀ ਲੋੜ ਸੀ ਅਤੇ ਕਪਤਾਨ ਰੋਹਿਤ ਵਿਰੋਧੀ ਟੀਮ ਦੇ ਗੇਂਦਬਾਜ਼ਾਂ ਨੂੰ ਬੁਰੀ ਤਰ੍ਹਾਂ ਮਾਤ ਦੇ ਰਹੇ ਸਨ। ਇਸ ਦੇ ਨਾਲ ਹੀ ਈਸ਼ਾਨ ਦੌੜਾਂ ਬਣਾਉਣ ਲਈ ਸੰਘਰਸ਼ ਕਰ ਰਿਹਾ ਸੀ।