
ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਆਸਟਰੇਲੀਆ ਖ਼ਿਲਾਫ਼ ਖੇਡੇ ਗਏ ਪਹਿਲੇ ਟੈਸਟ ਮੈਚ ਤੋਂ ਬਾਅਦ ਭਾਰਤ ਪਰਤਣਗੇ ਅਤੇ ਬਾਕੀ ਤਿੰਨ ਮੈਚ ਨਹੀਂ ਖੇਡਣਗੇ। ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਹੈ ਕਿ ਕੋਹਲੀ ਦੀ ਗੈਰਹਾਜ਼ਰੀ ਨਾਲ ਨੌਜਵਾਨ ਖਿਡਾਰੀਆਂ ਨੂੰ ਆਪਣੇ ਆਪ ਨੂੰ ਸਾਬਤ ਕਰਨ ਦਾ ਮੌਕਾ ਮਿਲੇਗਾ। ਕੋਹਲੀ ਹਾਲਾਂਕਿ ਵਨਡੇ ਅਤੇ ਟੀ -20 ਸੀਰੀਜ਼ ਵਿਚ ਹਿੱਸਾ ਲੈਣਗੇ ਅਤੇ 17 ਦਸੰਬਰ ਤੋਂ ਸ਼ੁਰੂ ਹੋਣ ਵਾਲਾ ਪਹਿਲਾ ਟੈਸਟ ਵੀ ਖੇਡਣਗੇ। ਫਿਰ ਉਹ ਆਪਣੇ ਪਹਿਲੇ ਬੱਚੇ ਦੇ ਜਨਮ ਲਈ ਭਾਰਤ ਪਰਤਣਗੇ।
ਸ਼ਾਸਤਰੀ ਨੇ ਏਬੀਸੀ ਸਪੋਰਟ ਨੂੰ ਕਿਹਾ, "ਮੈਨੂੰ ਲੱਗਦਾ ਹੈ ਕਿ ਉਸਨੇ ਸਹੀ ਫੈਸਲਾ ਲਿਆ ਹੈ। ਇਹ ਪਲ ਬਾਰ ਬਾਰ ਨਹੀਂ ਆਉਂਦਾ। ਉਸ ਕੋਲ ਇੱਕ ਮੌਕਾ ਹੈ, ਉਹ ਵਾਪਸ ਜਾ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਉਹ ਇਸ ਤੋਂ ਖੁਸ਼ ਹੈ।"
ਉਨ੍ਹਾਂ ਕਿਹਾ, “ਜੇ ਤੁਸੀਂ ਦੇਖ ਲਵੋ ਕਿ ਭਾਰਤ ਨੇ ਪਿਛਲੇ ਪੰਜ-ਛੇ ਸਾਲਾਂ ਵਿੱਚ ਕੀ ਕੀਤਾ ਹੈ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਹੋਵੇਗਾ ਕਿ ਉਹ ਇਸਦਾ ਵੱਡਾ ਕਾਰਨ ਹਨ। ਇਸ ਲਈ ਉਹਨਾਂ ਦੀ ਕਮੀ ਖਲੇਗੀ, ਪਰ ਮੁਸੀਬਤ ਇੱਕ ਮੌਕਾ ਲੈ ਕੇ ਆਉਂਦੀ ਹੈ। ਟੀਮ ਕੋਲ ਇੱਥੇ ਕਾਫੀ ਸਾਰੇ ਨੌਜਵਾਨ ਖਿਡਾਰੀ ਹਨ ਅਤੇ ਇਹ ਉਨ੍ਹਾਂ ਲਈ ਇਕ ਮੌਕਾ ਹੋਵੇਗਾ।”