
ਭਾਰਤ ਦੇ ਯੁਵਾ ਬੱਲੇਬਾਜ਼ ਸ਼ੁਭਮਨ ਗਿੱਲ ਨੇ ਕਿਹਾ ਹੈ ਕਿ ਜੇਕਰ ਆਸਟਰੇਲੀਆਈ ਟੀਮ ਆਗਾਮੀ ਟੈਸਟ ਸੀਰੀਜ਼ ਵਿਚ ਭਾਰਤ ਖਿਲਾਫ ਬਾਉੰਸਰ ਦੀ ਵਰਤੋਂ ਕਰੇਗੀ ਤਾਂ ਉਨ੍ਹਾਂ ਕੋਲ ਵੀ ਇਸ ਦਾ ਸਾਹਮਣਾ ਕਰਨ ਲਈ ਕਾਫ਼ੀ ਵਿਕਲਪ ਹਨ। ਸ਼ੁਭਮਨ ਨੇ ਆਸਟਰੇਲੀਆ-ਏ ਖਿਲਾਫ ਤਿੰਨ ਰੋਜ਼ਾ ਅਭਿਆਸ ਮੈਚ ਦੌਰਾਨ ਪਹਿਲੀ ਪਾਰੀ ਵਿਚ 43 ਅਤੇ ਦੂਜੀ ਪਾਰੀ ਵਿਚ। 65 ਦੌੜਾਂ ਬਣਾਈਆਂ ਸਨ।
ਗਿੱਲ ਨੇ ਕੇਕੇਆਰ ਦੀ ਅਧਿਕਾਰਤ ਵੈਬਸਾਈਟ ਨੂੰ ਦੱਸਿਆ, “ਇੱਕ ਸਮਾਂ ਸੀ ਜਦੋਂ (ਭਾਰਤੀ) ਖਿਡਾਰੀ ਜ਼ਿਆਦਾ ਹਮਲਾਵਰ ਨਹੀਂ ਸਨ ਅਤੇ ਉਹ ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਹਰ ਖਿਡਾਰੀ ਦਾ ਸੁਭਾਅ ਵੱਖਰਾ ਹੁੰਦਾ ਹੈ। ਕੋਈ ਇਸ ਨੂੰ ਅਣਦੇਖਾ ਕਰ ਦਿੰਦਾ ਹੈ ਤੇ ਕੋਈ ਤੁਰੰਤ ਜਵਾਬ ਦੇਣ ਵਿਚ ਵਿਸ਼ਵਾਸ ਕਰਦਾ ਹੈ। ਮੈਂ ਇਸ ਮਾਮਲੇ ਵਿਚ ਨਾ ਤਾਂ ਬਹੁਤ ਜ਼ਿਆਦਾ ਹਮਲਾਵਰ ਹਾਂ ਅਤੇ ਨਾ ਹੀ ਮੈਂ ਸ਼ਾਂਤ ਹੋਣ ਵਿਚ ਵਿਸ਼ਵਾਸ ਕਰਦਾ ਹਾਂ, ਪਰ ਜੇ ਉਹ ਸਾਡੇ ਵਿਰੁੱਧ ਬਾਉੰਸਰ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਸਾਡੇ ਕੋਲ ਇਸਦਾ ਸਾਹਮਣਾ ਕਰਨ ਲਈ ਬਹੁਤ ਸਾਰੇ ਵਿਕਲਪ ਹਨ।”
ਹਾਲਾਂਕਿ, ਆਸਟਰੇਲੀਆ ਦੀ ਸੀਮਤ ਓਵਰਾਂ ਦੀ ਟੀਮ ਦੇ ਕਪਤਾਨ ਐਰੋਨ ਫਿੰਚ ਨੇ ਟੈਸਟ ਸਾਥੀ ਖਿਡਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪਹਿਲੇ ਟੈਸਟ ਮੈਚ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਸਲੈਜਿੰਗ ਨਾ ਕਰਨ ਅਤੇ ਉਸਦੇ ਖਿਲਾਫ ਸੰਤੁਲਿਤ ਰਣਨੀਤੀ ਅਪਣਾਈ ਜਾਵੇ।