
ਭਾਰਤ ਦਾ ਵੈਸਟਇੰਡੀਜ਼ ਦੌਰਾ ਖਤਮ ਹੋ ਗਿਆ ਹੈ ਅਤੇ ਹੁਣ ਟੀਮ ਜ਼ਿੰਬਾਬਵੇ ਦੇ ਖਿਲਾਫ ਤਿੰਨ ਵਨਡੇ ਖੇਡਣ ਦੀ ਤਿਆਰੀ ਕਰ ਰਹੀ ਹੈ। ਜੇਕਰ ਵੈਸਟਇੰਡੀਜ਼ ਦੇ ਖਿਲਾਫ ਖੇਡੀ ਗਈ ਵਨਡੇ ਸੀਰੀਜ਼ ਦੀ ਗੱਲ ਕਰੀਏ ਤਾਂ ਇਸ ਸੀਰੀਜ਼ 'ਚ ਇਕ ਨਾਂ ਉਭਰ ਕੇ ਸਾਹਮਣੇ ਆਇਆ ਸੀ ਸ਼ੁਭਮਨ ਗਿੱਲ। ਗਿੱਲ ਨੇ ਇਸ ਪੂਰੇ ਸੀਰੀਜ਼ 'ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਉਸ ਦੀ ਬੱਲੇਬਾਜ਼ੀ ਦੀ ਬਦੌਲਤ ਭਾਰਤ ਵਨਡੇ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕਰ ਸਕਿਆ।
ਗਿੱਲ ਨੇ ਇਸ ਦੌਰੇ 'ਤੇ ਚੰਗੀ ਬੱਲੇਬਾਜ਼ੀ ਕੀਤੀ ਪਰ ਪਿਛਲੇ ਕੁਝ ਸਮੇਂ ਤੋਂ ਪ੍ਰਸ਼ੰਸਕ ਉਸ ਦੀ ਸਟ੍ਰਾਈਕ ਰੇਟ 'ਤੇ ਸਵਾਲ ਖੜ੍ਹੇ ਕਰਦੇ ਨਜ਼ਰ ਆ ਰਹੇ ਹਨ। ਹਾਲਾਂਕਿ, ਹੁਣ ਜਦੋਂ ਗਿੱਲ ਤੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਨੌਜਵਾਨ ਨੇ ਜਵਾਬ ਦਿੱਤਾ ਕਿ ਉਹ ਜਾਣਦਾ ਹੈ ਕਿ ਸਵਾਲ ਉੱਠਣਗੇ ਪਰ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਲੋਕ ਕਿਸ ਬਾਰੇ ਗੱਲ ਕਰ ਰਹੇ ਹਨ।
ਸ਼ੁਭਮਨ ਗਿੱਲ ਨੇ ਟੈਲੀਗ੍ਰਾਫ ਇੰਡੀਆ ਨਾਲ ਹਾਲ ਹੀ 'ਚ ਗੱਲਬਾਤ ਦੌਰਾਨ ਕਿਹਾ, ''ਮੈਨੂੰ ਲੱਗਦਾ ਹੈ ਕਿ ਸਵਾਲ ਹਮੇਸ਼ਾ ਉੱਠਦੇ ਰਹਿਣਗੇ, ਪਰ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਕੀ ਕਹਿ ਰਹੇ ਹਨ, ਜਦੋਂ ਤੱਕ ਮੈਂ ਆਪਣੀ ਟੀਮ ਦੀ ਸਫਲਤਾ 'ਚ ਯੋਗਦਾਨ ਪਾਉਂਦਾ ਹਾਂ ਅਤੇ ਮੈਂ ਇਸ ਨੂੰ ਪੂਰਾ ਕਰਨ ਦੇ ਸਮਰੱਥ ਹਾਂ। ਜਦੋਂ ਤੱਕ ਮੈਂ ਉਹ ਕਰ ਰਿਹਾ ਹਾਂ ਜੋ ਮੇਰੀ ਟੀਮ ਪ੍ਰਬੰਧਨ ਅਤੇ ਮੇਰੇ ਕਪਤਾਨ ਦੀ ਉਮੀਦ ਹੈ, ਮੈਨੂੰ ਕੋਈ ਇਤਰਾਜ਼ ਨਹੀਂ ਹੈ।"