
ਕਿੰਗਜ਼ ਇਲੈਵਨ ਪੰਜਾਬ ਨੇ ਆਈਪੀਐਲ ਦੇ 13 ਵੇਂ ਸੰਸਕਰਣ ਵਿੱਚ ਵੀਰਵਾਰ ਨੂੰ ਰਾਇਲ ਚੈਲੇਂਜਰਜ਼ ਬੰਗਲੌਰ ਨੂੰ ਹਰਾ ਕੇ ਇਸ ਸੀਜ਼ਨ ਵਿਚ ਆਪਣੀ ਪਹਿਲੀ ਜਿੱਤ ਹਾਸਿਲ ਕਰ ਲਈ ਹੈ. ਰਾਇਲ ਚੈਲੇਂਜ਼ਰਜ਼ ਦੇ ਖ਼ਿਲਾਫ਼ ਕਪਤਾਨ ਕੇਐਲ ਰਾਹੁਲ (ਨਾਬਾਦ 132) ਦੀ ਸ਼ਾਨਦਾਰ ਸੇਂਚੁਰੀ ਕਾਰਨ ਪੰਜਾਬ ਦੀ ਟੀਮ ਆਪਣੇ 20 ਓਵਰਾਂ ਵਿਚ 206 ਦੌੜਾਂ ਬਣਾਉਣ ਵਿਚ ਕਾਮਯਾਬ ਰਹੀ. ਪੰਜਾਬ ਦੇ ਗੇਂਦਬਾਜ਼ਾਂ ਨੇ ਬੰਗਲੌਰ ਦੇ ਮਜ਼ਬੂਤ ਬੱਲੇਬਾਜ਼ੀ ਕ੍ਰਮ ਖਿਲਾਫ ਇਸ ਟੀਚੇ ਦਾ ਸਫਲਤਾਪੂਰਵਕ ਬਚਾਅ ਕੀਤਾ ਅਤੇ ਮੈਚ 97 ਦੌੜਾਂ ਨਾਲ ਜਿੱਤ ਲਿਆ.
ਬੰਗਲੌਰ ਦੀ ਟੀਮ 207 ਦੌੜਾਂ ਦੇ ਟੀਚੇ ਦੇ ਅੱਗੇ 17 ਓਵਰਾਂ ਵਿਚ 109 ਦੌੜਾਂ 'ਤੇ ਢੇਰ ਹੋ ਗਈ. ਵਿਰਾਟ ਦੀ ਟੀਮ ਰਾਹੁਲ ਦੇ ਨਿੱਜੀ ਸਕੋਰ ਦੇ ਨੇੜ੍ਹੇ ਵੀ ਨਹੀਂ ਪਹੁੰਚ ਸਕੀ.
ਆਪਣੇ ਪਹਿਲੇ ਮੈਚ ਵਿਚ ਸ਼ਾਨਦਾਰ ਅਰਧ-ਸੈਂਕੜਾ ਲਗਾਉਣ ਵਾਲੇ ਦੇਵਦੱਤ ਪੱਡਿਕਲ ਇਸ ਮੈਚ ਵਿਚ ਸਿਰਫ ਇਕ ਦੌੜ ਹੀ ਬਣਾ ਸਕੇ. ਉਹ ਪਹਿਲੇ ਹੀ ਓਵਰ ਵਿੱਚ ਆਉਟ ਹੋ ਗਏ. ਜੋਸ਼ ਫਿਲਿਪ ਨੂੰ ਟੀਮ ਨੇ ਉਪਰਲੇ ਕ੍ਰਮ ਵਿੱਚ ਭੇਜਿਆ ਪਰ ਉਹ ਵੀ ਅਸਫਲ ਰਹੇ. ਉਹ ਖਾਤਾ ਵੀ ਨਹੀਂ ਖੋਲ੍ਹ ਸਕੇ.