
ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਬੇਸ਼ਕ ਰਾਜਸਥਾਨ ਰਾਇਲਜ਼ ਖਿਲਾਫ ਮੈਚ ਹਾਰ ਗਈ, ਪਰ ਇਸ ਮੈਚ ਵਿਚ ਪੰਜਾਬ ਦੇ ਖਿਡਾਰੀਆਂ ਨੇ ਬੱਲੇਬਾਜ਼ੀ ਤੇ ਫੀਲਡਿੰਗ ਦੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਜੋ ਕਪਤਾਨ ਕੇ ਐਲ ਰਾਹੁਲ ਨੂੰ ਥੋੜ੍ਹੀ ਖੁਸ਼ੀ ਦੇਵੇਗਾ. ਜੇਕਰ ਪੰਜਾਬ ਦੀ ਫੀਲਡਿੰਗ ਦੀ ਗੱਲ ਕਰੀਏ ਤਾਂ ਇਸ ਮੈਚ ਵਿਚ ਇਕ ਅਜਿਹਾ ਨਜ਼ਾਰਾ ਦੇਖਣ ਨੂੰ ਮਿਲੀਆ, ਜਿਸਨੂੰ ਦੇਖ ਕੇ ਤੁਹਾਨੂੰ ਸੁਪਰਮੈਨ ਦੀ ਯਾਦ ਆਉਣਾ ਲਾਜ਼ਮੀ ਹੈ.
ਨਿਕੋਲਸ ਪੂਰਨ, ਜਿਹਨਾਂ ਨੇ ਪਹਿਲੇ ਬੱਲੇਬਾਜ਼ੀ ਕਰਦਿਆਂ ਆਪਣੀ ਟੀਮ ਨੂੰ 223 ਦੇ ਸਕੋਰ ’ਤੇ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ, ਬਾਅਦ ਵਿਚ ਆਪਣੀ ਕਰਿਸ਼ਮਾਈ ਫੀਲਡਿੰਗ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ. ਇਥੋਂ ਤੱਕ ਕਿ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੂੰ ਵੀ ਨਿਕੋਲਸ ਦੀ ਪ੍ਰਸ਼ੰਸਾ ਕਰਨੀ ਪਈ. ਮੈਚ ਦੌਰਾਨ ਕੁਮੈਂਟਰੀ ਕਰ ਰਹੇ ਇੰਗਲੈਂਡ ਦੇ ਦਿੱਗਜ ਬੱਲੇਬਾਜ਼ ਕੇਵਿਨ ਪੀਟਰਸਨ ਨੇ ਵੀ ਪੂਰਨ ਦੀ ਫੀਲਡਿੰਗ ਦੀ ਪ੍ਰਸ਼ੰਸਾ ਕੀਤੀ.
ਪੂਰਨ ਦੀ ਸ਼ਾਨਦਾਰ ਫੀਲਡਿੰਗ ਮੈਚ ਦੇ ਦੌਰਾਨ ਉਦੋਂ ਦੇਖਣ ਨੂੰ ਮਿਲੀ ਜਦੋਂ ਰਾਜਸਥਾਨ ਰਾਇਲਜ਼ ਦੇ ਕਪਤਾਨ ਸਟੀਵ ਸਮਿਥ ਅਤੇ ਸੰਜੂ ਸੈਮਸਨ ਬੱਲੇਬਾਜ਼ੀ ਕਰ ਰਹੇ ਸਨ ਅਤੇ ਮੁਰੂਗਨ ਅਸ਼ਵਿਨ ਗੇਂਦਬਾਜ਼ੀ ਕਰ ਰਹੇ ਸੀ. ਇਹ ਪਾਰੀ ਦਾ ਅੱਠਵਾਂ ਓਵਰ ਚਲ ਰਿਹਾ ਸੀ. ਇਸ ਓਵਰ ਦੀ ਚੌਥੀ ਗੇਂਦ ਸੈਮਸਨ ਨੇ ਇੱਕ ਗੇਂਦ ਨੂੰ ਛੱਕੇ ਲਈ ਮਾਰਿਆ, ਪਰ ਬਾਉਂਡਰੀ ਉੱਤੇ ਤੈਨਾਤ ਨਿਕੋਲਸ ਪੂਰਨ ਨੇ ਬਹੁਤ ਤੇਜ਼ ਰਫਤਾਰ ਨਾਲ ਹਵਾ ਵਿੱਚ ਛਾਲ ਮਾਰ ਕੇ ਗੇਂਦ ਨੂੰ ਬਾਉਂਡਰੀ ਦੇ ਪਾਰ ਜਾਣ ਤੋਂ ਬਚਾਇਆ ਤੇ ਹਵਾ ਵਿਚ ਰਹਿੰਦੇ ਹੋਏ ਗੇਂਦ ਨੂੰ ਵਾਪਸ ਮੈਦਾਨ ਦੇ ਅੰਦਰ ਸੁੱਟ ਦਿੱਤਾ. ਇਸ ਤਰ੍ਹਾਂ ਉਹਨਾਂ ਨੇ ਪੰਜਾਬ ਲਈ ਚਾਰ ਮਹੱਤਵਪੂਰਨ ਦੌੜਾਂ ਬਚਾਈਆਂ.