
ਆਈਪੀਐਲ ਸੀਜ਼ਨ 13 ਦੇ 13ਵੇਂ ਮੁਕਾਬਲੇ ਵਿਚ ਕਿੰਗਜ਼ ਇਲੈਵਨ ਪੰਜਾਬ (KXIP) ਵੀਰਵਾਰ ਨੂੰ ਅਬੂ ਧਾਬੀ ਦੇ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਮੁੰਬਈ ਇੰਡੀਅਨਜ਼ (MI) ਦੇ ਨਾਲ ਖੇਡੇਗੀ. ਦੋਵਾਂ ਫ੍ਰੈਂਚਾਇਜ਼ੀਆਂ ਨੇ ਆਪਣੇ ਆਈਪੀਐਲ 2020 ਦੇ ਸੀਜ਼ਨ ਦੀ ਸ਼ੁਰੂਆਤ ਇਕੋ ਨੋਟ 'ਤੇ ਕੀਤੀ ਹੈ, ਦੋਵੇਂ ਟੀਮਾਂ ਨੇ ਆਪਣੇ ਪਿਛਲੇ ਤਿੰਨ ਮੁਕਾਬਲਿਆਂ ਵਿਚੋਂ ਇਕ ਜਿੱਤਿਆ ਹੈ ਅਤੇ 2 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ.
ਕਿੰਗਜ਼ ਇਲੈਵਨ ਪੰਜਾਬ
ਪੰਜਾਬ ਦੀ ਗੱਲ ਕਰੀਏ ਤਾਂ ਇਸ ਵਾਰ ਇਹ ਟੀਮ ਸ਼ਾਨਦਾਰ ਫੌਰਮ ਵਿਚ ਨਜ਼ਰ ਆ ਰਹੀ ਹੈ. ਬੇਸ਼ਕ ਪਿਛਲੇ ਮੈਚ ਵਿਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਰ ਉਸ ਮੁਕਾਬਲੇ ਵਿਚ ਵੀ ਟੀਮ ਦਾ ਪ੍ਰਦਰਸ਼ਨ ਲਾਜਵਾਬ ਰਿਹਾ ਸੀ. ਜਦੋਂ ਰਾਹੁਲ ਐਂਡ ਕੰਪਨੀ ਮੁੰਬਈ ਦੇ ਖਿਲਾਫ ਉਤਰੇਗੀ ਤਾਂ ਟੀਮ ਦੀਆਂ ਨਜਰਾਂ ਆਪਣੇ ਪ੍ਰਦਰਸ਼ਨ ਨੂੰ ਨਤੀਜੇ ਵਿਚ ਬਦਲਣ ਤੇ ਹੋਵੇਗੀ. ਪੰਜਾਬ ਲਈ ਹੁਣ ਤੱਕ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਰ ਗੇਂਦਬਾਜ਼ਾਂ ਵਿਚ ਮੁਹੰਮਦ ਸ਼ਮੀ ਅਤੇ ਰਵੀ ਬਿਸ਼ਨੋਈ ਨੂੰ ਛੱਡ ਕੇ ਕੋਈ ਵੀ ਖਿਡਾਰੀ ਆਪਣੀ ਛਾਪ ਛੱਡਣ ਵਿਚ ਸਫਲ ਨਹੀਂ ਰਿਹਾ ਹੈ. ਹਾਲਾਂਕਿ, ਟੀਮ ਨੇ ਪਿਛਲੇ 3 ਮੁਕਾਬਲਿਆਂ ਵਿਚ ਇਹ ਦਸ ਦਿੱਤਾ ਹੈ ਕਿ ਇਸ ਵਾਰ ਇਹ ਟੀਮ ਅੰਡਰਡੌਗ ਨਹੀਂ ਬਲਕਿ ਖਿਤਾਬ ਜਿੱਤਣ ਦੀ ਸਭ ਤੋਂ ਵੱਡੇ ਦਾਅਵੇਦਾਰਾਂ ਵਿਚੋਂ ਇਕ ਹੈ.