
ਰਵੀ ਬਿਸ਼ਨੋਈ (3/24) ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪੰਜਾਬ ਕਿੰਗਜ਼ ਨੇ ਆਈਪੀਐਲ 2021 ਦੇ ਰੋਮਾਂਚਕ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਪੰਜ ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਕਿੰਗਜ਼ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ’ਤੇ 125 ਦੌੜਾਂ ਬਣਾਈਆਂ ਸੀ।
ਟੀਚੇ ਦਾ ਪਿੱਛਾ ਕਰਦਿਆਂ ਹੈਦਰਾਬਾਦ ਦੀ ਟੀਮ ਜੇਸਨ ਹੋਲਡਰ ਵੱਲੋਂ 29 ਗੇਂਦਾਂ ਵਿੱਚ ਪੰਜ ਛੱਕਿਆਂ ਦੀ ਮਦਦ ਨਾਲ ਅਜੇਤੂ 47 ਦੌੜਾਂ ਦੀ ਮਦਦ ਨਾਲ 20 ਓਵਰਾਂ ਵਿੱਚ ਸੱਤ ਵਿਕਟਾਂ ’ਤੇ 120 ਦੌੜਾਂ ਹੀ ਬਣਾ ਸਕੀ। ਪੰਜਾਬ ਲਈ ਬਿਸ਼ਨੋਈ ਤੋਂ ਇਲਾਵਾ ਮੁਹੰਮਦ ਸ਼ਮੀ ਨੇ ਦੋ ਵਿਕਟਾਂ ਲਈਆਂ ਜਦਕਿ ਅਰਸ਼ਦੀਪ ਸਿੰਘ ਨੂੰ ਇੱਕ ਵਿਕਟ ਮਿਲੀ।
ਟੀਚੇ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਦੀ ਸ਼ੁਰੂਆਤ ਖਰਾਬ ਰਹੀ ਅਤੇ ਉਸ ਨੇ 32 ਦੇ ਕੁੱਲ ਸਕੋਰ 'ਤੇ ਡੇਵਿਡ ਵਾਰਨਰ (2), ਕਪਤਾਨ ਕੇਨ ਵਿਲੀਅਮਸਨ (1) ਅਤੇ ਮਨੀਸ਼ ਪਾਂਡੇ (13) ਦੀਆਂ ਵਿਕਟਾਂ ਗੁਆ ਦਿੱਤੀਆਂ ਸੀ। ਇਸ ਤੋਂ ਬਾਅਦ ਬਿਸ਼ਨੋਈ ਨੇ ਕੇਦਾਰ ਜਾਧਵ (12) ਨੂੰ ਬੋਲਡ ਕਰਕੇ ਹੈਦਰਾਬਾਦ ਨੂੰ ਚੌਥਾ ਝਟਕਾ ਦਿੱਤਾ। ਇਸ ਤੋਂ ਬਾਅਦ ਬਿਸ਼ਨੋਈ ਨੇ ਅਬਦੁਲ ਸਮਦ (1) ਨੂੰ ਆਉਟ ਕਰ ਦਿੱਤਾ ਅਤੇ ਹੈਦਰਾਬਾਦ ਦੀ ਪਾਰੀ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ।