
ਮਿਸ਼ੇਲ ਮਾਰਸ਼ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਸ਼ਾਰਦੁਲ ਠਾਕੁਰ ਦੀ ਗੇਂਦਬਾਜ਼ੀ ਦੇ ਦਮ 'ਤੇ ਦਿੱਲੀ ਕੈਪੀਟਲਜ਼ ਨੇ ਸੋਮਵਾਰ ਨੂੰ ਡੀਵਾਈ ਪਾਟਿਲ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ.2022 ਦੇ ਮੈਚ 'ਚ ਪੰਜਾਬ ਕਿੰਗਜ਼ ਨੂੰ 17 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ 7 ਵਿਕਟਾਂ ਦੇ ਨੁਕਸਾਨ 'ਤੇ 159 ਦੌੜਾਂ ਬਣਾਈਆਂ। ਜਵਾਬ 'ਚ ਪੰਜਾਬ ਦੀ ਟੀਮ 9 ਵਿਕਟਾਂ ਦੇ ਨੁਕਸਾਨ 'ਤੇ 142 ਦੌੜਾਂ ਹੀ ਬਣਾ ਸਕੀ।
ਦਿੱਲੀ ਦੀ ਇਹ ਸੱਤਵੀਂ ਜਿੱਤ ਹੈ ਅਤੇ ਟੀਮ ਰਾਇਲ ਚੈਲੰਜਰਜ਼ ਬੰਗਲੌਰ ਨੂੰ ਪਿੱਛੇ ਛੱਡ ਕੇ ਅੰਕ ਸੂਚੀ ਵਿੱਚ ਚੌਥੇ ਸਥਾਨ ’ਤੇ ਪਹੁੰਚ ਗਈ ਹੈ। ਇਸ ਮੈਚ ਵਿਚ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੂੰ ਪਹਿਲਾ ਝਟਕਾ 38 ਦੌੜਾਂ ਦੇ ਕੁੱਲ ਸਕੋਰ 'ਤੇ ਜੌਨੀ ਬੇਅਰਸਟੋ (28 ਦੌੜਾਂ) ਦੇ ਰੂਪ 'ਚ ਲੱਗਾ। ਇਸ ਤੋਂ ਬਾਅਦ ਪੰਜਾਬ ਦੀ ਪਾਰੀ ਫਿੱਕੀ ਪੈ ਗਈ ਅਤੇ 82 ਦੌੜਾਂ ਤੱਕ ਪਹੁੰਚਦਿਆਂ ਛੇ ਹੋਰ ਖਿਡਾਰੀ ਆਊਟ ਹੋ ਕੇ ਪੈਵੇਲੀਅਨ ਪਰਤ ਗਏ।
ਮੱਧਕ੍ਰਮ ਵਿੱਚ ਜਿਤੇਸ਼ ਸ਼ਰਮਾ ਦੀਆਂ 44 ਅਤੇ ਹੇਠਲੇ ਕ੍ਰਮ ਵਿੱਚ ਰਾਹੁਲ ਚਾਹਰ ਦੀਆਂ ਅਜੇਤੂ 25 ਦੌੜਾਂ ਦੀ ਮਦਦ ਨਾਲ ਪੰਜਾਬ ਦਾ ਸਕੋਰ 142 ਦੌੜਾਂ ਤੱਕ ਪਹੁੰਚਿਆ। ਟੀਮ ਦੇ 7 ਖਿਡਾਰੀ ਦਸ ਦੇ ਅੰਕੜੇ ਤੱਕ ਨਹੀਂ ਪਹੁੰਚ ਸਕੇ। ਦਿੱਲੀ ਲਈ ਸ਼ਾਰਦੁਲ ਠਾਕੁਰ ਨੇ 36 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ ਤੋਂ ਇਲਾਵਾ ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਐਨਰਿਕ ਨੌਰਖੀਆ ਨੇ ਇਕ ਵਿਕਟ ਲਈ।