
ਰਜਤ ਪਾਟੀਦਾਰ ਦੇ ਤੂਫਾਨੀ ਅਰਧ ਸੈਂਕੜੇ ਦੇ ਦਮ 'ਤੇ ਕੋਲਕਾਤਾ ਦੇ ਈਡਨ ਗਾਰਡਨ 'ਚ ਬੁੱਧਵਾਰ (25 ਮਈ) ਨੂੰ ਖੇਡੇ ਗਏ ਆਈਪੀਐੱਲ 2022 ਦੇ ਐਲੀਮੀਨੇਟਰ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਨੇ ਲਖਨਊ ਸੁਪਰ ਜਾਇੰਟਸ ਨੂੰ 14 ਦੌੜਾਂ ਨਾਲ ਹਰਾ ਦਿੱਤਾ। ਹੁਣ ਬੰਗਲੌਰ ਦੀ ਟੀਮ 27 ਮਈ ਨੂੰ ਦੂਜੇ ਕੁਆਲੀਫਾਇਰ ਵਿੱਚ ਰਾਜਸਥਾਨ ਰਾਇਲਜ਼ ਦੀ ਟੀਮ ਨਾਲ ਭਿੜੇਗੀ।
ਬੈਂਗਲੁਰੂ ਦੀ ਜਿੱਤ ਦੇ ਹੀਰੋ ਰਹੇ ਪਾਟੀਦਾਰ ਨੇ 54 ਗੇਂਦਾਂ 'ਚ 12 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ ਅਜੇਤੂ 112 ਦੌੜਾਂ ਬਣਾਈਆਂ। ਉਨ੍ਹਾਂ ਤੋਂ ਇਲਾਵਾ ਦਿਨੇਸ਼ ਕਾਰਤਿਕ ਨੇ ਨਾਬਾਦ 37 ਅਤੇ ਵਿਰਾਟ ਕੋਹਲੀ ਨੇ 25 ਦੌੜਾਂ ਬਣਾਈਆਂ। ਜਿਸ ਕਾਰਨ ਬੈਂਗਲੁਰੂ ਨੇ 4 ਵਿਕਟਾਂ ਦੇ ਨੁਕਸਾਨ 'ਤੇ 207 ਦੌੜਾਂ ਦਾ ਵੱਡਾ ਟੀਚਾ ਰੱਖਿਆ। ਰਜਤ ਪਾਟੀਦਾਰ ਨੂੰ ਉਸ ਦੀ ਸ਼ਾਨਦਾਰ ਬੱਲੇਬਾਜ਼ੀ ਲਈ 'ਪਲੇਅਰ ਆਫ਼ ਦਾ ਮੈਚ' ਚੁਣਿਆ ਗਿਆ।
208 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਦੀ ਟੀਮ ਨੇ ਕਵਿੰਟਨ ਡੀ ਕਾਕ ਨੂੰ ਪਾਰੀ ਦੇ ਪਹਿਲੇ ਓਵਰ ਵਿੱਚ ਹੀ ਗੁਆ ਦਿੱਤਾ। ਇਸ ਬੱਲੇਬਾਜ਼ ਨੂੰ ਮੁਹੰਮਦ ਸਿਰਾਜ ਨੇ ਡੂ ਪਲੇਸਿਸ ਦੇ ਹੱਥੋਂ ਕੈਚ ਆਊਟ ਕੀਤਾ। ਇਸ ਤੋਂ ਬਾਅਦ ਮਨਨ ਵੋਹਰਾ ਕ੍ਰੀਜ਼ 'ਤੇ ਆਏ ਅਤੇ ਕੇਐੱਲ ਰਾਹੁਲ ਨਾਲ ਪਾਰੀ ਦੀ ਅਗਵਾਈ ਕੀਤੀ। ਵੋਹਰਾ ਨੇ ਆਉਂਦਿਆਂ ਹੀ ਤੇਜ਼ ਸ਼ੁਰੂਆਤ ਕੀਤੀ ਪਰ ਉਹ ਵੀ ਜ਼ਿਆਦਾ ਦੇਰ ਕ੍ਰੀਜ਼ 'ਤੇ ਨਾ ਟਿਕ ਸਕਿਆ ਅਤੇ 11 ਗੇਂਦਾਂ 'ਤੇ ਦੋ ਛੱਕਿਆਂ ਅਤੇ ਇਕ ਚੌਕੇ ਦੀ ਮਦਦ ਨਾਲ 19 ਦੌੜਾਂ ਬਣਾ ਕੇ ਆਊਟ ਹੋ ਗਿਆ।