
ਡੇਵਿਡ ਮਿਲਰ ਦੇ ਤੂਫਾਨੀ ਅਰਧ ਸੈਂਕੜੇ ਦੇ ਦਮ 'ਤੇ ਗੁਜਰਾਤ ਟਾਈਟਨਜ਼ ਨੇ ਮੰਗਲਵਾਰ (24 ਮਈ) ਨੂੰ ਕੋਲਕਾਤਾ ਈਡਨ ਗਾਰਡਨ 'ਚ ਖੇਡੇ ਗਏ ਆਈ.ਪੀ.ਐੱਲ. 2022 ਦੇ ਪਹਿਲੇ ਕੁਆਲੀ ਫਾਇਰ ਮੈਚ 'ਚ ਰਾਜਸਥਾਨ ਰਾਇਲਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਫਾਈਨਲ 'ਚ ਐਂਟਰੀ ਕਰ ਲਈ। ਪਹਿਲੀ ਵਾਰ ਟੂਰਨਾਮੈਂਟ ਖੇਡ ਰਹੀ ਗੁਜਰਾਤ ਦੀ ਟੀਮ ਲੀਗ ਗੇੜ ਦੌਰਾਨ ਪੁਆਇੰਟ ਟੇਬਲ 'ਚ ਪਹਿਲੇ ਨੰਬਰ 'ਤੇ ਸੀ ਅਤੇ ਹੁਣ ਉਹ ਪਹਿਲੀ ਵਾਰ ਹੀ ਫਾਈਨਲ 'ਚ ਪ੍ਰਵੇਸ਼ ਕਰ ਗਈ ਹੈ।
ਇਸ ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਾਜਸਥਾਨ ਨੇ 6 ਵਿਕਟਾਂ ਦੇ ਨੁਕਸਾਨ 'ਤੇ 188 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਗੁਜਰਾਤ ਦੀ ਟੀਮ ਨੇ ਤਿੰਨ ਵਿਕਟਾਂ ਗੁਆ ਕੇ ਜਿੱਤ ਦਰਜ ਕੀਤੀ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਦੀ ਟੀਮ ਨੇ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 188 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਜੋਸ ਬਟਲਰ ਨੇ 56 ਗੇਂਦਾਂ ਵਿੱਚ 89 ਦੌੜਾਂ ਬਣਾਈਆਂ ਜਦਕਿ ਕਪਤਾਨ ਸੰਜੂ ਸੈਮਸਨ ਨੇ 26 ਗੇਂਦਾਂ ਵਿੱਚ 47 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਦੇਵਦੱਤ ਪਡਿਕਲ ਨੇ 20 ਵਿੱਚ 28 ਦੌੜਾਂ ਬਣਾਈਆਂ।
ਗੁਜਰਾਤ ਲਈ ਹਾਰਦਿਕ ਪੰਡਯਾ (1/14), ਸਾਈ ਕਿਸ਼ੋਰ (1/43), ਮੁਹੰਮਦ ਸ਼ਮੀ (1/43) ਅਤੇ ਯਸ਼ ਦਿਆਲ (1/46) ਨੇ ਇਕ-ਇਕ ਵਿਕਟ ਲਈ। ਟੀਚੇ ਦਾ ਪਿੱਛਾ ਕਰਨ ਉਤਰੀ ਗੁਜਰਾਤ ਦੀ ਸ਼ੁਰੂਆਤ ਖਰਾਬ ਰਹੀ ਅਤੇ ਪਹਿਲੇ ਹੀ ਓਵਰ ਵਿੱਚ ਰਿਧੀਮਾਨ ਸਾਹਾ ਆਊਟ ਹੋ ਕੇ ਪਰਵੇਲੀਅਨ ਪਰਤ ਗਏ। ਜਵਾਬ ਵਿੱਚ ਸ਼ੁਭਮਨ ਗਿੱਲ (21 ਗੇਂਦਾਂ ਵਿੱਚ 35 ਦੌੜਾਂ) ਮੈਥਿਊ ਵੇਡ (30 ਗੇਂਦਾਂ ਵਿੱਚ 35 ਦੌੜਾਂ) ਨੇ ਦੂਜੀ ਵਿਕਟ ਲਈ 72 ਦੌੜਾਂ ਜੋੜੀਆਂ।