
ਕੋਲਕਾਤਾ ਨਾਈਟ ਰਾਈਡਰਜ਼ ਦੇ ਸਪਿਨ ਗੇਂਦਬਾਜ਼ ਸੁਨੀਲ ਨਰਾਇਣ ਦੀ ਅਬੂ ਧਾਬੀ ਵਿੱਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਖੇਡੇ ਗਏ ਮੈਚ ਵਿੱਚ ਸ਼ੱਕੀ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਮਿਲੀ ਹੈ. ਇਹ ਸ਼ਿਕਾਇਤ ਆਨਫੀਲਡ ਅੰਪਾਇਰਾਂ ਨੇ ਕੀਤੀ ਸੀ. ਇਸ ਮੈਚ ਵਿੱਚ ਨਰਾਇਣ ਨੇ ਕੋਲਕਾਤਾ ਲਈ ਡੈਥ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ 2 ਦੌੜਾਂ ਨਾਲ ਰੋਮਾਂਚਕ ਜਿੱਤ ਦਿਲਵਾ ਦਿੱਤੀ.
ਆਈਪੀਐਲ ਦੀ ਸ਼ੱਕੀ ਗੈਰ ਕਾਨੂੰਨੀ ਗੇਂਦਬਾਜ਼ੀ ਐਕਸ਼ਨ ਨੀਤੀ ਦੇ ਅਨੁਸਾਰ, ਨਾਰਾਇਣ ਨੂੰ ਫਿਲਹਾਲ ਸਿਰਫ ਚੇਤਾਵਨੀ ਦਿੱਤੀ ਗਈ ਹੈ ਅਤੇ ਉਹ ਅੱਗੇ ਗੇਂਦਬਾਜ਼ੀ ਕਰ ਸਕਦੇ ਹਨ. ਪਰ ਜੇ ਇਕ ਵਾਰ ਫਿਰ ਉਹਨਾਂ ਦੇ ਗੇਂਦਬਾਜ਼ੀ ਐਕਸ਼ਨ ਬਾਰੇ ਸ਼ਿਕਾਇਤ ਕੀਤੀ ਜਾਂਦੀ ਹੈ, ਤਾਂ ਉਨ੍ਹਾਂ ਨੂੰ ਗੇਂਦਬਾਜ਼ੀ ਕਰਨ ‘ਤੇ ਪਾਬੰਦੀ ਲਗਾਈ ਜਾਏਗੀ. ਇਸ ਤੋਂ ਬਾਅਦ ਉਹ ਬੀਸੀਸੀਆਈ ਦੀ ਸ਼ੱਕੀ ਬੌਲਿੰਗ ਐਕਸ਼ਨ ਕਮੇਟੀ ਤੋਂ ਹਰੀ ਝੰਡੀ ਮਿਲਣ ਤੋਂ ਬਾਅਦ ਹੀ ਇਸ ਟੂਰਨਾਮੈਂਟ ਵਿਚ ਗੇਂਦਬਾਜ਼ੀ ਕਰ ਸਕਣਗੇ.
ਨਰਾਇਣ ਆਪਣੇ ਗੇਂਦਬਾਜ਼ੀ ਐਕਸ਼ਨ ਲਈ 2014 ਤੋਂ ਮੁਸੀਬਤ ਵਿੱਚ ਹਨ. ਚੈਂਪੀਅਨਜ਼ ਲੀਗ 2014 ਦੇ ਦੌਰਾਨ, ਉਹਨਾਂ ਦੇ ਗੇਂਦਬਾਜ਼ੀ ਐਕਸ਼ਨ ਦੀ ਦੋ ਵਾਰ ਰਿਪੋਰਟ ਕੀਤੀ ਗਈ ਸੀ. ਇਸ ਤੋਂ ਬਾਅਦ, ਨਰਾਇਣ ਨੇ ਆਪਣੇ ਐਕਸ਼ਨ 'ਤੇ ਕੰਮ ਕਰਨ ਲਈ 2015 ਦਾ ਵਿਸ਼ਵ ਕੱਪ ਵੀ ਛੱਡ ਦਿੱਤਾ ਸੀ. ਇਸ ਤੋਂ ਬਾਅਦ ਉਹਨਾਂ ਨੂੰ ਆਈਪੀਐਲ 2015 ਵਿੱਚ ਅਤੇ 2018 ਵਿੱਚ ਪਾਕਿਸਤਾਨ ਸੁਪਰ ਲੀਗ ਦੌਰਾਨ ਗੇਂਦਬਾਜ਼ੀ ਐਕਸ਼ਨ ਬਾਰੇ ਸ਼ਿਕਾਇਤਾਂ ਆਈਆਂ ਸਨ.