
ਇੱਥੇ ਸ਼ੇਖ ਜ਼ਾਇਦ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2021 ਦੇ 34 ਵੇਂ ਮੈਚ ਵਿੱਚ, ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਰਾਹੁਲ ਤ੍ਰਿਪਾਠੀ (ਨਾਬਾਦ 74) ਅਤੇ ਵੈਂਕਟੇਸ਼ ਅਈਅਰ (53) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਆਧਾਰ ਤੇ ਮੁੰਬਈ ਇੰਡੀਅਨਜ਼ ਨੂੰ ਸੱਤ ਵਿਕਟਾਂ ਨਾਲ ਹਰਾਇਆ। ਕੇਕੇਆਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਜੋ ਕਿ ਗਲਤ ਹੁੰਦਿਆਂ ਦਿਖ ਰਿਹਾ ਸੀ ਪਰ ਗੇਂਦਬਾਜ਼ਾਂ ਨੇ ਆਖਰੀ ਓਵਰਾਂ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਮੁੰਬਈ ਨੂੰ ਜ਼ਿਆਦਾ ਵੱਡੇ ਸਕੋਰ ਤੱਕ ਨਹੀਂ ਜਾਣ ਦਿੱਤਾ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਮੁੰਬਈ ਨੇ 20 ਓਵਰਾਂ ਵਿੱਚ ਛੇ ਵਿਕਟਾਂ 'ਤੇ 155 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਕੇਕੇਆਰ ਦੀ ਟੀਮ ਨੇ 15.1 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 159 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਮੁੰਬਈ ਲਈ ਜਸਪ੍ਰੀਤ ਬੁਮਰਾਹ ਨੇ ਪਿੱਛਾ ਕਰਦਿਆਂ ਤਿੰਨ ਵਿਕਟਾਂ ਲਈਆਂ।
ਕੇਕੇਆਰ ਨੂੰ ਪਹਿਲਾ ਝਟਕਾ, ਗਿੱਲ ਨੂੰ ਬੁਮਰਾਹ ਨੇ ਆਉਟ ਕਰਕੇ ਦਿੱਤਾ, ਗਿੱਲ ਨੇ ਨੌਂ ਗੇਂਦਾਂ ਵਿੱਚ ਇੱਕ ਚੌਕੇ ਅਤੇ ਇੱਕ ਛੱਕੇ ਦੀ ਮਦਦ ਨਾਲ 13 ਦੌੜਾਂ ਬਣਾਈਆਂ। ਗਿੱਲ ਦੇ ਆਉਟ ਹੋਣ ਤੋਂ ਬਾਅਦ ਅਈਅਰ ਅਤੇ ਤ੍ਰਿਪਾਠੀ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਟੀਮ ਦੀ ਜਿੱਤ ਯਕੀਨੀ ਬਣਾਈ।