
ਸੁਨੀਲ ਨਰਾਇਣ (4/21) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਬਾਅਦ, ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਇੱਥੇ ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਆਯੋਜਿਤ ਆਈਪੀਐਲ 2021 ਦੇ ਏਲੀਮੀਨੇਟਰ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਨੂੰ ਚਾਰ ਵਿਕਟਾਂ ਨਾਲ ਹਰਾ ਦਿੱਤਾ। ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦਿਆਂ ਆਰਸੀਬੀ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ’ਤੇ 138 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਦਿਆਂ ਕੇਕੇਆਰ ਦੀ ਟੀਮ ਨੇ 19.4 ਓਵਰਾਂ ਵਿੱਚ ਛੇ ਵਿਕਟਾਂ ’ਤੇ 139 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਆਰਸੀਬੀ ਵੱਲੋਂ ਮੁਹੰਮਦ ਸਿਰਾਜ, ਯੁਜਵੇਂਦਰ ਚਾਹਲ ਅਤੇ ਹਰਸ਼ਲ ਪਟੇਲ ਨੇ ਦੋ -ਦੋ ਵਿਕਟਾਂ ਹਾਸਲ ਕੀਤੀਆਂ।
ਕੋਹਲੀ ਦੀ ਕਪਤਾਨੀ ਵਿੱਚ ਬੰਗਲੌਰ ਇੱਕ ਵਾਰ ਫਿਰ ਖਿਤਾਬ ਦੇ ਸੋਕੇ ਨੂੰ ਖ਼ਤਮ ਨਹੀਂ ਕਰ ਸਕਿਆ। ਕੋਹਲੀ ਨੇ ਆਈਪੀਐਲ 2021 ਦੇ ਦੂਜੇ ਪੜਾਅ ਦੀ ਸ਼ੁਰੂਆਤ ਵਿੱਚ ਘੋਸ਼ਣਾ ਕੀਤੀ ਸੀ ਕਿ ਆਰਸੀਬੀ ਲਈ ਕਪਤਾਨ ਦੇ ਰੂਪ ਵਿੱਚ ਇਹ ਉਨ੍ਹਾਂ ਦਾ ਆਖਰੀ ਸੀਜ਼ਨ ਹੋਵੇਗਾ। ਕੇਕੇਆਰ ਹੁਣ ਕੁਆਲੀਫਾਇਰ 2 ਵਿੱਚ ਦਿੱਲੀ ਕੈਪੀਟਲਜ਼ ਦਾ ਸਾਹਮਣਾ ਕਰੇਗਾ, ਜਿਸ ਨੂੰ ਚੇਨਈ ਸੁਪਰ ਕਿੰਗਜ਼ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।