
ਆਈਪੀਐਲ 2022: ਕਪਤਾਨ ਕੇਐਲ ਰਾਹੁਲ (ਅਜੇਤੂ 103) ਅਤੇ ਅਵੇਸ਼ ਖਾਨ (3/30) ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ, ਲਖਨਊ ਸੁਪਰ ਜਾਇੰਟਸ (ਐਲਐਸਜੀ) ਨੇ ਸ਼ਨੀਵਾਰ ਨੂੰ ਇੱਥੇ ਬ੍ਰੇਬੋਰਨ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਮੁੰਬਈ ਇੰਡੀਅਨਜ਼ (ਐਮਆਈ) ਨੂੰ 18 ਦੌੜਾਂ ਨਾਲ ਹਰਾਇਆ। ਇਸ ਦੇ ਨਾਲ ਸੀਜ਼ਨ 'ਚ ਮੁੰਬਈ ਦੀ ਇਹ ਲਗਾਤਾਰ ਛੇਵੀਂ ਹਾਰ ਹੈ।
ਲਖਨਊ ਦੀਆਂ 199 ਦੌੜਾਂ ਦੇ ਜਵਾਬ 'ਚ ਮੁੰਬਈ ਦੀ ਟੀਮ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 181 ਦੌੜਾਂ ਹੀ ਬਣਾ ਸਕੀ। ਟੀਮ ਲਈ ਸੂਰਿਆਕੁਮਾਰ ਯਾਦਵ (37) ਅਤੇ ਡੇਵਾਲਡ ਬ੍ਰੇਵਿਸ (31) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਲਖਨਊ ਲਈ ਅਵੇਸ਼ ਖਾਨ ਨੇ ਤਿੰਨ ਵਿਕਟਾਂ ਲਈਆਂ। ਇਸ ਦੇ ਨਾਲ ਹੀ ਮਾਰਕਸ ਸਟੋਇਨਿਸ, ਦੁਸ਼ਮੰਥਾ ਚਮੀਰਾ, ਰਵੀ ਬਿਸ਼ਨੋਈ ਅਤੇ ਜੇਸਨ ਹੋਲਡਰ ਨੇ ਇੱਕ-ਇੱਕ ਵਿਕਟ ਲਈ।
ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਇੰਡੀਅਨਜ਼ ਦੀ ਸ਼ੁਰੂਆਤ ਖ਼ਰਾਬ ਰਹੀ ਕਿਉਂਕਿ ਉਸ ਨੇ 6.2 ਓਵਰਾਂ ਵਿੱਚ ਆਪਣੀਆਂ ਤਿੰਨ ਅਹਿਮ ਵਿਕਟਾਂ ਗੁਆ ਕੇ 57 ਦੌੜਾਂ ਬਣਾਈਆਂ। ਇਸ ਦੌਰਾਨ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ (6), ਡੇਵਾਲਡ ਬ੍ਰੇਵਿਸ (31) ਅਤੇ ਈਸ਼ਾਨ ਕਿਸ਼ਨ (13) ਜਲਦੀ ਹੀ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਅਤੇ ਤਿਲਕ ਵਰਮਾ ਨੇ ਜ਼ੋਰਦਾਰ ਬੱਲੇਬਾਜ਼ੀ ਕਰਦੇ ਹੋਏ ਟੀਮ ਦੇ ਸਕੋਰ ਨੂੰ 11.5 ਓਵਰਾਂ ਵਿੱਚ 100 ਦੇ ਪਾਰ ਪਹੁੰਚਾ ਦਿੱਤਾ।