
ਮੋਹਸਿਨ ਖਾਨ (3/24) ਅਤੇ ਕਰੁਣਾਲ ਪੰਡਯਾ (2/11) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਲਖਨਊ ਸੁਪਰ ਜਾਇੰਟਸ (ਐਲਐਸਜੀ) ਨੇ ਇੱਥੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਪੰਜਾਬ ਕਿੰਗਜ਼ (ਪੀਬੀਕੇਐਸ) ਨੂੰ 20 ਦੌੜਾਂ ਨਾਲ ਹਰਾ ਦਿੱਤਾ। ਨੌਂ ਮੈਚਾਂ ਵਿੱਚ ਲਖਨਊ ਦੀ ਇਹ ਛੇਵੀਂ ਜਿੱਤ ਹੈ। ਇਸ ਦੇ ਨਾਲ ਹੀ ਪੰਜਾਬ ਦੀ ਇੰਨੇ ਹੀ ਮੈਚਾਂ ਵਿੱਚ ਪੰਜਵੀਂ ਹਾਰ ਹੈ। ਲਖਨਊ ਦੀ ਟੀਮ 12 ਅੰਕਾਂ ਨਾਲ ਅੰਕ ਸੂਚੀ ਵਿੱਚ ਤੀਜੇ ਨੰਬਰ 'ਤੇ ਪਹੁੰਚ ਗਈ ਹੈ। ਦੂਜੇ ਪਾਸੇ ਪੰਜਾਬ ਦੀ ਟੀਮ ਸੱਤਵੇਂ ਨੰਬਰ 'ਤੇ ਬਰਕਰਾਰ ਹੈ।
ਲਖਨਊ ਨੇ 20 ਓਵਰਾਂ 'ਚ ਅੱਠ ਵਿਕਟਾਂ ਦੇ ਨੁਕਸਾਨ 'ਤੇ 153 ਦੌੜਾਂ ਬਣਾਈਆਂ ਸਨ। ਪੰਜਾਬ ਲਈ ਬੇਅਰਸਟੋ (32) ਅਤੇ ਮਯੰਕ ਅਗਰਵਾਲ (25) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਲਖਨਊ ਵੱਲੋਂ ਕਰੁਣਾਲ ਪੰਡਯਾ ਨੂੰ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਲਈ 'ਮੈਨ ਆਫ਼ ਦਾ ਮੈਚ' ਪੁਰਸਕਾਰ ਦਿੱਤਾ ਗਿਆ। ਲਖਨਊ ਵੱਲੋਂ ਜਿੱਤ ਲਈ ਦਿੱਤੇ 154 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਸ਼ੁਰੂਆਤ ਧੀਮੀ ਰਹੀ।
ਸ਼ਿਖਰ ਧਵਨ ਅਤੇ ਮਯੰਕ ਅਗਰਵਾਲ ਨੇ ਸਲਾਮੀ ਜੋੜੀ ਵਜੋਂ ਪਾਰੀ ਦੀ ਸ਼ੁਰੂਆਤ ਕੀਤੀ। ਦੁਸ਼ਮੰਤ ਚਮੀਰਾ ਨੇ ਆਪਣੇ ਓਵਰ 'ਚ ਪੰਜਾਬ ਨੂੰ ਪਹਿਲਾ ਝਟਕਾ ਦਿੱਤਾ। ਉਸ ਨੇ ਕਪਤਾਨ ਮਯੰਕ ਅਗਰਵਾਲ (25) ਨੂੰ ਕੇਐੱਲ ਰਾਹੁਲ ਹੱਥੋਂ ਕੈਚ ਕਰਵਾਇਆ। ਇਸ ਤੋਂ ਬਾਅਦ ਜੌਨੀ ਬੇਅਰਸਟੋ ਕ੍ਰੀਜ਼ 'ਤੇ ਆਏ। ਇਸ ਦੇ ਨਾਲ ਹੀ ਪਾਵਰਪਲੇ 'ਚ ਟੀਮ ਨੇ ਇਕ ਵਿਕਟ ਦੇ ਨੁਕਸਾਨ 'ਤੇ 46 ਦੌੜਾਂ ਬਣਾਈਆਂ।