
ਆਸਟਰੇਲੀਆ ਅਤੇ ਭਾਰਤ ਵਿਚਾਲੇ ਮੈਲਬੌਰਨ ਕ੍ਰਿਕਟ ਮੈਦਾਨ (ਐਮਸੀਜੀ) 'ਤੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਭਾਰਤੀ ਟੀਮ ਨੇ ਮੇਜ਼ਬਾਨ ਟੀਮ' ਤੇ ਦਬਦਬਾ ਬਣਾ ਲਿਆ ਹੈ। ਇਕ ਵਾਰ ਫਿਰ, ਭਾਰਤੀ ਗੇਂਦਬਾਜ਼ਾਂ ਨੇ ਪਹਿਲੀ ਪਾਰੀ ਵਿਚ ਆਸਟਰੇਲੀਆ ਨੂੰ 195 ਦੌੜਾਂ 'ਤੇ ਢੇਰ ਕਰ ਦਿੱਤਾ। ਸਟੰਪਸ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ ਵਿਚ 36 ਦੌੜਾਂ ਬਣਾ ਲਈਆਂ ਹਨ।
ਹਾਲਾਂਕਿ, ਮਹਿਮਾਨ ਟੀਮ ਨੇ ਆਪਣਾ ਪਹਿਲਾ ਵਿਕਟ ਮਯੰਕ ਅਗਰਵਾਲ (0) ਦੇ ਰੂਪ ਵਿੱਚ ਗੁਆ ਦਿੱਤਾ ਹੈ। ਇਸ ਟੇਸਟ ਵਿਚ ਆਪਣਾ ਡੈਬਿਯੂ ਕਰਨ ਵਾਲੇ ਸ਼ੁਭਮਨ ਗਿੱਲ 28 ਅਤੇ ਚੇਤੇਸ਼ਵਰ ਪੁਜਾਰਾ ਸੱਤ ਦੌੜਾਂ ਬਣਾ ਕੇ ਖੇਡ ਰਹੇ ਹਨ। ਭਾਰਤ ਅਜੇ ਵੀ ਆਸਟਰੇਲੀਆ ਤੋਂ 159 ਦੌੜਾਂ ਪਿੱਛੇ ਹੈ। ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਸਪ੍ਰੀਤ ਬੁਮਰਾਹ, ਰਵੀਚੰਦਰਨ ਅਸ਼ਵਿਨ ਨੇ ਕੰਗਾਰੂ ਬੱਲੇਬਾਜ਼ਾਂ ਤੇ ਆਪਣਾ ਦਬਦਬਾ ਬਣਾਇਆ।
ਇਹਨਾਂ ਦੋਵਾਂ ਦੇ ਨਾਲ-ਨਾਲ ਆਪਣਾ ਪਹਿਲਾ ਟੈਸਟ ਮੈਚ ਖੇਡ ਰਹੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੇ ਆਸਟਰੇਲੀਆ ਨੂੰ ਦਬਾਅ ਵਿੱਚ ਲਿਆਉਂਦੇ ਹੋਏ ਦੋ ਮਹੱਤਵਪੂਰਨ ਵਿਕਟਾਂ ਲਈਆੰ। ਬੁਮਰਾਹ ਨੇ ਚਾਰ ਅਤੇ ਅਸ਼ਵਿਨ ਨੇ ਤਿੰਨ ਵਿਕਟਾਂ ਲਈਆਂ। ਇਸ ਦੇ ਨਾਲ ਹੀ ਰਵਿੰਦਰ ਜਡੇਜਾ ਨੇ ਵੀ ਇਕ ਵਿਕਟ ਲਈ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਮੇਜ਼ਬਾਨ ਟੀਮ ਵਿਕਟਾਂ ਗੁਆਉਂਦੀ ਰਹੀ।