
ਡੇਰਿਲ ਮਿਸ਼ੇਲ (49) ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਨਿਊਜ਼ੀਲੈਂਡ ਨੇ ਆਈਸੀਸੀ ਟੀ-20 ਵਿਸ਼ਵ ਕੱਪ 'ਚ ਐਤਵਾਰ ਨੂੰ ਖੇਡੇ ਗਏ ਅਹਿਮ ਮੈਚ 'ਚ ਭਾਰਤ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਦੀ ਟੂਰਨਾਮੈਂਟ ਵਿੱਚ ਇਹ ਲਗਾਤਾਰ ਦੂਜੀ ਹਾਰ ਹੈ। ਟਾਸ ਹਾਰ ਕੇ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 110 ਦੌੜਾਂ ਬਣਾਈਆਂ।
ਇਸ ਦੇ ਨਾਲ ਹੀ 111 ਦੌੜਾਂ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ 14.3 ਓਵਰਾਂ ਵਿੱਚ ਟੀਚਾ ਪੂਰਾ ਕਰ ਲਿਆ। ਇਸ ਨਾਲ ਨਿਊਜ਼ੀਲੈਂਡ ਨੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਭਾਰਤ ਨੂੰ ਛੇਵੀਂ ਵਾਰ ਹਰਾਇਆ ਹੈ। ਹੁਣ ਭਾਰਤ ਦੇ ਸੈਮੀਫਾਈਨਲ ਵਿੱਚ ਜਾਣ ਦੀਆਂ ਸੰਭਾਵਨਾਵਾਂ ਨਾਮੁਮਕਿਨ ਹੋ ਗਈਆਂ ਹਨ। ਨਿਊਜ਼ੀਲੈਂਡ ਦੇ ਬੱਲੇਬਾਜ਼ ਮਿਸ਼ੇਲ ਅਤੇ ਕੇਨ ਵਿਲੀਅਮਸਨ ਵਿਚਾਲੇ 54 ਗੇਂਦਾਂ 'ਚ 72 ਦੌੜਾਂ ਦੀ ਸਾਂਝੇਦਾਰੀ ਨੇ ਟੀਮ ਨੂੰ ਇਕਤਰਫਾ ਜਿੱਤ ਦਿਵਾਈ।
ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਨੇ ਜ਼ਬਰਦਸਤ ਬੱਲੇਬਾਜ਼ੀ ਕਰਦੇ ਹੋਏ ਪਾਵਰ ਪਲੇਅ 'ਚ ਇਕ ਵਿਕਟ ਦੇ ਨੁਕਸਾਨ 'ਤੇ 44 ਦੌੜਾਂ ਬਣਾਈਆਂ | ਇਸ ਦੌਰਾਨ ਮਾਰਟਿਨ ਗੁਪਟਿਲ ਨੂੰ ਬੁਮਰਾਹ ਨੇ ਆਊਟ ਕੀਤਾ। ਇਸ ਤੋਂ ਬਾਅਦ ਮਿਸ਼ੇਲ ਅਤੇ ਕਪਤਾਨ ਕੇਨ ਵਿਲੀਅਮਸਨ ਨੇ ਮਿਲ ਕੇ ਟੀਮ ਦੇ ਸਕੋਰ ਨੂੰ ਅੱਗੇ ਵਧਾਇਆ, ਜਿਸ ਤੋਂ ਬਾਅਦ ਟੀਮ ਦਾ ਸਕੋਰ 7 ਓਵਰਾਂ 'ਚ 55 ਦੌੜਾਂ 'ਤੇ ਪਹੁੰਚ ਗਿਆ।