
ਮੁਹੰਮਦ ਹਫੀਜ਼ ਦੀ ਸ਼ਾਨਦਾਰ ਪਾਰੀ ਅਤੇ ਵਹਾਬ ਰਿਆਜ਼ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਕਾਰਣ ਮੈਨਚੇਸਟਰ ਦੇ ਓਲਡ ਟ੍ਰੈਫੋਰਡ ਸਟੇਡੀਅਮ' ਚ ਖੇਡੇ ਗਏ ਤੀਜੇ ਅਤੇ ਅੰਤਮ ਟੀ 20 ਅੰਤਰਰਾਸ਼ਟਰੀ ਮੈਚ 'ਚ ਪਾਕਿਸਤਾਨ ਨੇ ਇੰਗਲੈਂਡ ਨੂੰ 5 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਦੀ ਬਦੌਲਤ ਪਾਕਿਸਤਾਨ ਨੇ ਤਿੰਨ ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਹਫੀਜ਼ ਨੂੰ ਉਸ ਦੀ ਮੈਚ ਜਿਤਾਉ ਪਾਰੀ ਅਤੇ ਸੀਰੀਜ਼ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਲਈ ਮੈਨ ਆਫ ਦਿ ਮੈਚ ਅਤੇ ਮੈਨ ਆਫ ਦਿ ਸੀਰੀਜ਼ ਚੁਣਿਆ ਗਿਆ।
ਪਾਕਿਸਤਾਨ ਦੇ 190 ਦੌੜਾਂ ਦੇ ਜਵਾਬ ਵਿਚ ਇੰਗਲੈਂਡ ਦੀ ਟੀਮ 20 ਓਵਰਾਂ ਵਿਚ 8 ਵਿਕਟਾਂ ਦੇ ਨੁਕਸਾਨ ‘ਤੇ ਸਿਰਫ 185 ਦੌੜਾਂ ਹੀ ਬਣਾ ਸਕੀ।
ਟਾੱਸ ਹਾਰਨ ਤੋਂ ਬਾਅਦ ਪਾਕਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਲੱਗੀ ਅਤੇ ਫਖਰ ਜ਼ਮਾਨ (1) ਅਤੇ ਕਪਤਾਨ ਬਾਬਰ ਆਜ਼ਮ (21) ਦੀ ਸ਼ੁਰੂਆਤੀ ਜੋੜੀ ਕੁੱਲ 32 ਦੌੜਾਂ 'ਤੇ ਪਵੇਲੀਅਨ ਪਰਤ ਗਈ। ਇਸ ਤੋਂ ਬਾਅਦ ਡੈਬਯੂ ਮੈਚ ਖੇਡ ਰਹੇ 19 ਸਾਲਾ ਹੈਦਰ ਅਲੀ ਅਤੇ ਮੁਹੰਮਦ ਹਫੀਜ਼ ਨੇ ਪਾਰੀ ਨੂੰ ਸੰਭਾਲਿਆ ਅਤੇ ਤੀਜੇ ਵਿਕਟ ਲਈ 100 ਦੌੜਾਂ ਜੋੜੀਆਂ।