
ਕਾਗਿਸੋ ਰਬਾਡਾ (3/21) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਨਾਲ-ਨਾਲ ਲਿਆਮ ਲਿਵਿੰਗਸਟੋਨ (70) ਅਤੇ ਜੌਨੀ ਬੇਅਰਸਟੋ (66) ਦੀ ਬੱਲੇਬਾਜ਼ੀ ਦੀ ਬਦੌਲਤ ਪੰਜਾਬ ਕਿੰਗਜ਼ ਨੇ ਬਰੇਬੋਰਨ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ 60ਵੇਂ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ ਨੂੰ 54 ਦੌੜ੍ਹਾਂ ਨਾਲ ਹਰਾ ਦਿੱਤਾ। ਪੰਜਾਬ ਨੇ 20 ਓਵਰਾਂ ਵਿੱਚ ਨੌਂ ਵਿਕਟਾਂ ਦੇ ਨੁਕਸਾਨ ’ਤੇ 209 ਦੌੜਾਂ ਬਣਾਈਆਂ ਸਨ।
210 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬੈਂਗਲੁਰੂ ਦੀ ਸ਼ੁਰੂਆਤ ਖ਼ਰਾਬ ਰਹੀ। ਵਿਰਾਟ ਕੋਹਲੀ ਅਤੇ ਕਪਤਾਨ ਫਾਫ ਡੂ ਪਲੇਸਿਸ ਨੇ ਪਾਰੀ ਦੀ ਅਗਵਾਈ ਕੀਤੀ। ਦੋਵਾਂ ਬੱਲੇਬਾਜ਼ਾਂ ਵਿਚਾਲੇ ਪਹਿਲੀ ਵਿਕਟ ਲਈ 33 ਦੌੜਾਂ ਦੀ ਸਾਂਝੇਦਾਰੀ ਹੋਈ। ਹਾਲਾਂਕਿ ਕੋਹਲੀ ਇਕ ਵਾਰ ਫਿਰ ਆਪਣੇ ਬੱਲੇ ਨਾਲ ਦੌੜਾਂ ਬਣਾਉਣ 'ਚ ਨਾਕਾਮ ਰਹੇ। ਉਹ 14 ਗੇਂਦਾਂ ਵਿੱਚ ਸਿਰਫ਼ 20 ਦੌੜਾਂ ਬਣਾ ਕੇ ਗੇਂਦਬਾਜ਼ ਰਬਾਡਾ ਦੇ ਓਵਰ ਵਿੱਚ ਰਾਹੁਲ ਚਾਹਰ ਦੇ ਹੱਥੋਂ ਕੈਚ ਆਊਟ ਹੋ ਗਿਆ।
ਕੋਹਲੀ ਨੇ ਆਈਪੀਐੱਲ ਦੇ ਇਸ ਸੀਜ਼ਨ 'ਚ ਬੱਲੇ ਨਾਲ ਜ਼ਿਆਦਾ ਦੌੜਾਂ ਨਹੀਂ ਬਣਾਈਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਆਪਣੀ ਫਾਰਮ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੋਹਲੀ ਦੇ ਆਊਟ ਹੋਣ ਤੋਂ ਬਾਅਦ ਰਜਤ ਪਾਟੀਦਾਰ ਕ੍ਰੀਜ਼ 'ਤੇ ਆਏ। ਦੂਜੇ ਗੇਂਦਬਾਜ਼ ਧਵਨ ਨੇ ਆਪਣੇ ਪੰਜਵੇਂ ਓਵਰ ਵਿੱਚ ਹੀ ਮੈਚ ਦਾ ਰੁਖ ਬਦਲ ਦਿੱਤਾ। ਇਸ ਦੌਰਾਨ ਉਸ ਨੇ ਦੋ ਵਿਕਟਾਂ ਲੈ ਕੇ ਆਰਸੀਬੀ ਨੂੰ ਦੋਹਰਾ ਝਟਕਾ ਦਿੱਤਾ। ਧਵਨ ਨੇ ਪਹਿਲਾਂ ਫਾਫ ਡੂ ਪਲੇਸਿਸ ਨੂੰ ਆਉਟ ਕੀਤਾ ਅਤੇ ਇਸ ਤੋਂ ਬਾਅਦ ਓਵਰ ਦੀ ਪੰਜਵੀਂ ਗੇਂਦ 'ਤੇ ਬੱਲੇਬਾਜ਼ ਲੋਮਰੋਰ ਸ਼ਿਖਰ ਧਵਨ ਨੂੰ ਕੈਚ ਦੇ ਬੈਠੇ।