
ਟ੍ਰੈਂਟ ਬੋਲਟ (2/18) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਰਾਜਸਥਾਨ ਰਾਇਲਜ਼ ਨੇ ਐਤਵਾਰ ਨੂੰ ਇੱਥੇ ਬ੍ਰੇਬੋਰਨ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ 63ਵੇਂ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ 24 ਦੌੜਾਂ ਨਾਲ ਹਰਾਇਆ। ਰਾਜਸਥਾਨ ਨੇ 20 ਓਵਰਾਂ ਵਿੱਚ ਛੇ ਵਿਕਟਾਂ ਦੇ ਨੁਕਸਾਨ ’ਤੇ 178 ਦੌੜਾਂ ਬਣਾਈਆਂ ਸਨ। ਜਵਾਬ 'ਚ ਲਖਨਊ ਦੀ ਟੀਮ 8 ਵਿਕਟਾਂ ਦੇ ਨੁਕਸਾਨ 'ਤੇ 154 ਦੌੜਾਂ ਹੀ ਬਣਾ ਸਕੀ। ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਬੋਲਟ ਨੂੰ 'ਮੈਨ ਆਫ ਦਾ ਮੈਚ' ਚੁਣਿਆ ਗਿਆ।
179 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਲਖਨਊ ਸੁਪਰ ਜਾਇੰਟਸ ਦੀ ਸ਼ੁਰੂਆਤ ਖਰਾਬ ਰਹੀ। ਡੀ ਕਾਕ ਅਤੇ ਕਪਤਾਨ ਕੇਐਲ ਰਾਹੁਲ ਨੇ ਟੀਮ ਲਈ ਪਾਰੀ ਦੀ ਸ਼ੁਰੂਆਤ ਕੀਤੀ। ਹਾਲਾਂਕਿ ਡੀ ਕਾਕ ਇੱਕ ਵਾਰ ਫਿਰ ਆਪਣੇ ਬੱਲੇ ਨਾਲ ਦੌੜਾਂ ਬਣਾਉਣ ਵਿੱਚ ਨਾਕਾਮ ਰਹੇ। ਗੇਂਦਬਾਜ਼ ਟ੍ਰੇਂਟ ਬੋਲਟ ਨੇ ਉਸ ਨੂੰ ਆਪਣੀ ਗੇਂਦ 'ਤੇ ਸ਼ਿਕਾਰ ਬਣਾ ਕੇ ਜੇਮਸ ਨੀਸ਼ਮ ਦੇ ਹੱਥੋਂ ਕੈਚ ਕਰਵਾਇਆ। ਇਸ ਦੌਰਾਨ ਡੀ ਕਾਕ 8 ਗੇਂਦਾਂ 'ਚ 7 ਦੌੜਾਂ ਹੀ ਬਣਾ ਸਕਿਆ।
ਉਸ ਤੋਂ ਬਾਅਦ ਆਯੂਸ਼ ਬਦੋਨੀ ਕ੍ਰੀਜ਼ 'ਤੇ ਆਏ। ਪਰ ਬਦੋਨੀ ਵੀ ਬੋਲਟ ਦੀ ਦੂਜੀ ਗੇਂਦ 'ਤੇ ਐਲਬੀਡਬਲਿਊ ਆਊਟ ਹੋ ਗਏ ਅਤੇ ਜ਼ੀਰੋ 'ਤੇ ਪੈਵੇਲੀਅਨ ਪਰਤ ਗਏ। ਇਸ ਤੋਂ ਬਾਅਦ ਦੀਪਕ ਹੁੱਡਾ ਕ੍ਰੀਜ਼ 'ਤੇ ਆਏ। ਇਸ ਦੇ ਨਾਲ ਹੀ ਰਾਹੁਲ ਵੀ ਆਪਣੇ ਬੱਲੇ ਨਾਲ ਜ਼ਿਆਦਾ ਤਾਕਤ ਨਹੀਂ ਦਿਖਾ ਸਕੇ ਅਤੇ ਕ੍ਰਿਸ਼ਨਾ ਦੇ ਓਵਰ ਵਿੱਚ ਜੈਸਵਾਲ ਦੇ ਹੱਥੋਂ ਕੈਚ ਹੋ ਗਏ। ਰਾਹੁਲ 19 ਗੇਂਦਾਂ 'ਚ 10 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਰਾਹੁਲ ਦੇ ਆਊਟ ਹੋਣ ਤੋਂ ਬਾਅਦ ਕਰੁਣਾਲ ਪੰਡਯਾ ਕ੍ਰੀਜ਼ 'ਤੇ ਆਏ। ਟੀਮ ਨੇ ਪਾਵਰਪਲੇ ਦੌਰਾਨ 3 ਵਿਕਟਾਂ ਦੇ ਨੁਕਸਾਨ 'ਤੇ 34 ਦੌੜਾਂ ਬਣਾਈਆਂ ਸੀ।