
ਦੁਨੀਆ ਭਰ ਵਿੱਚ ਲਗਾਤਾਰ ਵੱਧ ਰਹੀਆਂ ਟੀ-20 ਲੀਗਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਪ੍ਰਸ਼ੰਸਕ ਅਤੇ ਦਿੱਗਜ ਵਨਡੇ ਫਾਰਮੈਟ ਨੂੰ ਲੈ ਕੇ ਕਾਫੀ ਚਿੰਤਾ ਕਰਨ ਲੱਗ ਪਏ ਹਨ ਅਤੇ ਹੁਣ ਕਈ ਕ੍ਰਿਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਤਿੰਨਾਂ ਫਾਰਮੈਟਾਂ 'ਚ ਖੇਡਣਾ ਮੁਸ਼ਕਲ ਹੋ ਰਿਹਾ ਹੈ। ਹਾਲ ਹੀ 'ਚ ਬੇਨ ਸਟੋਕਸ ਨੇ ਵੀ ਵਨਡੇ ਫਾਰਮੈਟ ਨੂੰ ਅਲਵਿਦਾ ਕਹਿ ਦਿੱਤਾ ਅਤੇ ਹੁਣ ਲੱਗਦਾ ਹੈ ਕਿ ਆਈਸੀਸੀ ਨੂੰ ਵੀ ਵਨਡੇ ਫਾਰਮੈਟ ਨੂੰ ਲੈ ਕੇ ਸਖਤੀ ਨਾਲ ਸੋਚਣਾ ਹੋਵੇਗਾ, ਨਹੀਂ ਤਾਂ ਸਟੋਕਸ ਤੋਂ ਬਾਅਦ ਕਤਾਰ ਹੋਰ ਵੀ ਲੰਬੀ ਹੋ ਸਕਦੀ ਹੈ।
ਹਾਲ ਹੀ 'ਚ ਸ਼ਾਹਿਦ ਅਫਰੀਦੀ ਨੇ ਵੀ ਇਕ ਬਿਆਨ ਦਿੱਤਾ ਹੈ, ਜਿਸ 'ਚ ਉਸ ਨੇ ਕਿਹਾ, ''ਵਨਡੇ ਦੀ ਕ੍ਰਿਕਟ ਹੁਣ ਬਹੁਤ ਬੋਰਿੰਗ ਹੋ ਗਈ ਹੈ। ਮੈਂ ਵਨ-ਡੇ ਕ੍ਰਿਕਟ ਨੂੰ ਮਜ਼ੇਦਾਰ ਬਣਾਉਣ ਲਈ ਇਸ ਨੂੰ 50 ਓਵਰਾਂ ਤੋਂ ਘਟਾ ਕੇ 40 ਓਵਰ ਕਰਨ ਦਾ ਸੁਝਾਅ ਦੇਵਾਂਗਾ। ਅਫਰੀਦੀ ਦੇ ਇਸ ਬਿਆਨ ਤੋਂ ਬਾਅਦ ਭਾਰਤ ਦੇ ਸਾਬਕਾ ਮੁੱਖ ਕੋਚ ਰਵੀ ਸ਼ਾਸਤਰੀ ਨੇ ਵੀ ਉਨ੍ਹਾਂ ਦੇ ਬਿਆਨ ਦਾ ਸਮਰਥਨ ਕੀਤਾ ਹੈ।
ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜੇ ਵਨਡੇ 'ਚ ਕੁਮੈਂਟਰੀ ਦੌਰਾਨ ਸ਼ਾਸਤਰੀ ਨੇ ਕਿਹਾ, ''ਖੇਡ ਦੀ ਮਿਆਦ ਨੂੰ ਛੋਟਾ ਕਰਨ 'ਚ ਕੋਈ ਨੁਕਸਾਨ ਨਹੀਂ ਹੈ। ਜਦੋਂ ਵਨਡੇ ਕ੍ਰਿਕਟ ਸ਼ੁਰੂ ਹੋਈ ਤਾਂ 60 ਓਵਰਾਂ ਦਾ ਸੀ। ਜਦੋਂ ਅਸੀਂ 1983 ਵਿੱਚ ਵਿਸ਼ਵ ਕੱਪ ਜਿੱਤਿਆ ਸੀ ਤਾਂ ਇਹ 60 ਓਵਰਾਂ ਦਾ ਸੀ। ਇਸ ਤੋਂ ਬਾਅਦ ਲੋਕਾਂ ਨੇ ਸੋਚਿਆ ਕਿ 60 ਓਵਰ ਥੋੜੇ ਲੰਬੇ ਹਨ। ਲੋਕਾਂ ਨੇ ਦੇਖਿਆ ਕਿ 20 ਤੋਂ 40 ਦੇ ਵਿਚਕਾਰ ਦੇ ਓਵਰਾਂ ਨੂੰ ਹਜ਼ਮ ਕਰਨਾ ਔਖਾ ਹੁੰਦਾ ਹੈ। ਇਸ ਲਈ ਉਨ੍ਹਾਂ ਨੇ ਇਸਨੂੰ 60 ਤੋਂ ਘਟਾ ਕੇ 50 ਕਰ ਦਿੱਤਾ।"