
ਹਰਸ਼ਲ ਪਟੇਲ (3/35) ਅਤੇ ਗਲੇਨ ਮੈਕਸਵੈੱਲ (2/22) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਨੇ ਬੁੱਧਵਾਰ ਨੂੰ ਇੱਥੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਚੇਨਈ ਸੁਪਰ ਕਿੰਗਜ਼ (ਸੀਐਸਕੇ) ਨੂੰ 13 ਦੌੜ੍ਹਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਹਰਸ਼ਲ ਪਟੇਲ ਨੂੰ ਸ਼ਾਨਦਾਰ ਗੇਂਦਬਾਜ਼ੀ ਲਈ 'ਮੈਨ ਆਫ ਦਾ ਮੈਚ' ਦਾ ਐਵਾਰਡ ਮਿਲਿਆ।
ਬੈਂਗਲੁਰੂ ਨੇ 20 ਓਵਰਾਂ 'ਚ ਅੱਠ ਵਿਕਟਾਂ ਦੇ ਨੁਕਸਾਨ 'ਤੇ 173 ਦੌੜਾਂ ਬਣਾਈਆਂ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਸੀਐਸਕੇ ਦੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਟੀਮ ਦੀ ਸਲਾਮੀ ਜੋੜੀ ਰਿਤੂਰਾਜ ਗਾਇਕਵਾੜ ਅਤੇ ਡੇਵੋਨ ਕੋਨਵੇ ਨੇ ਪਾਰੀ ਦੀ ਸ਼ੁਰੂਆਤ ਕੀਤੀ। ਬੱਲੇਬਾਜ਼ਾਂ ਨੇ ਆਉਂਦੇ ਹੀ ਛੱਕਿਆਂ ਅਤੇ ਚੌਕਿਆਂ ਦੀ ਵਰਖਾ ਕਰ ਦਿੱਤੀ। ਪਹਿਲੇ ਪਾਵਰਪਲੇ ਦੌਰਾਨ ਬੱਲੇਬਾਜ਼ਾਂ ਨੇ ਟੀਮ ਨੂੰ 51 ਦੌੜਾਂ ਜੋੜੀਆਂ।
ਹਾਲਾਂਕਿ ਪਾਵਰਪਲੇ ਤੋਂ ਬਾਅਦ ਗੇਂਦਬਾਜ਼ ਸ਼ਾਹਬਾਜ਼ ਅਹਿਮਦ ਨੇ ਆਪਣੇ ਦੂਜੇ ਓਵਰ ਦੀ ਚੌਥੀ ਗੇਂਦ 'ਤੇ ਗਾਇਕਵਾੜ ਨੂੰ ਆਊਟ ਕਰ ਦਿੱਤਾ। ਉਸ ਨੇ 23 ਗੇਂਦਾਂ ਵਿੱਚ 28 ਦੌੜਾਂ ਬਣਾਈਆਂ। ਇਸ ਤੋਂ ਬਾਅਦ ਰੌਬਿਨ ਉਥੱਪਾ ਕ੍ਰੀਜ਼ 'ਤੇ ਆਏ ਅਤੇ ਕੌਨਵੇ ਨਾਲ ਪਾਰੀ ਸੰਭਾਲੀ।