
ਅੰਤਰਰਾਸ਼ਟਰੀ ਕ੍ਰਿਕਟ ਤੋਂ ਇਕ ਸਾਲ ਦਾ ਬੈਨ ਝੇਲਣ ਤੋਂ ਬਾਅਦ ਆਪਣਾ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਣ ਵਾਲੇ ਮੇਜ਼ਬਾਨ ਬੰਗਲਾਦੇਸ਼ ਦੇ ਆਲਰਾਉੰਡਰ ਸ਼ਾਕਿਬ ਅਲ ਹਸਨ ਨੇ ਸ਼ਾਨਦਾਰ ਅੰਦਾਜ਼ ਵਿਚ ਵਾਪਸੀ ਕੀਤੀ ਹੈ। ਆਪਣੀ ਵਾਪਸੀ ਵਿਚ ਉਹਨਾਂ ਨੇ ਅੱਠ ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ ਅਤੇ ਉਹਨਾਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਹੀ ਮੇਜ਼ਬਾਨ ਬੰਗਲਾਦੇਸ਼ ਨੇ ਬੁੱਧਵਾਰ ਨੂੰ ਇਥੇ ਸ਼ੇਰ-ਏ-ਬੰਗਲਾ ਨੈਸ਼ਨਲ ਸਟੇਡੀਅਮ ਵਿਖੇ ਖੇਡੇ ਗਏ ਇੱਕ ਰੋਜ਼ਾ ਮੈਚ ਵਿੱਚ ਵੈਸਟਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ।
ਇਸ ਜਿੱਤ ਦੇ ਨਾਲ ਹੀ ਬੰਗਲਾਦੇਸ਼ ਨੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿੱਚ 1-0 ਦੀ ਬੜਤ ਹਾਸਲ ਕਰ ਲਈ। ਵਿਸ਼ਵ ਕੱਪ ਸੁਪਰ ਲੀਗ ਵਿਚ ਇਹ ਬੰਗਲਾਦੇਸ਼ ਦੀ ਪਹਿਲੀ ਜਿੱਤ ਹੈ।
ਮੇਜ਼ਬਾਨ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਮਹਿਮਾਨ ਵੈਸਟਇੰਡੀਜ਼ ਦੀ ਟੀਮ ਲਈ ਇਸ ਮੈਚ ਵਿਚ 6 ਖਿਡਾਰੀ ਆਪਣਾ ਡੈਬਿਯੂ ਕਰਦੇ ਹੋਏ ਨਜਰ ਆਏ। ਇਸ ਤੋਂ ਬਾਅਦ ਮੇਜ਼ਬਾਨ ਟੀਮ ਨੇ ਮਹਿਮਾਨ ਟੀਮ ਨੂੰ 32.2 ਓਵਰਾਂ ਵਿਚ 122 ਦੌੜਾਂ ‘ਤੇ ਢੇਰ ਕਰ ਦਿੱਤਾ। ਵੈਸਟਇੰਡੀਜ਼ ਲਈ ਕੇ ਮੇਅਰਸ ਨੇ ਸਭ ਤੋਂ ਵੱਧ 40, ਰੋਵਮਨ ਪਾਵੇਲ ਨੇ 28 ਅਤੇ ਕਪਤਾਨ ਜੇਸਨ ਮੁਹੰਮਦ ਨੇ 17 ਦੌੜਾਂ ਬਣਾਈਆਂ।