
ਆਈਪੀਐਲ 2022 ਦੇ ਸੱਤਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ 'ਚ ਲਖਨਊ ਸੁਪਰ ਜਾਇੰਟਸ (LSG) ਦੇ ਬੱਲੇਬਾਜ਼ ਆਯੂਸ਼ ਬਡੋਨੀ ਅਤੇ ਏਵਿਨ ਲੁਈਸ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਮੈਚ ਦੇ ਆਖਰੀ ਦੋ ਓਵਰਾਂ 'ਚ ਚੇਨਈ ਸੁਪਰ ਕਿੰਗਜ਼ (CSK) ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ। ਚੇਨਈ ਨੇ ਲਖਨਊ ਨੂੰ 211 ਦੌੜਾਂ ਦਾ ਟੀਚਾ ਦਿੱਤਾ ਸੀ, ਜਿਸ ਨੂੰ ਕੇਐੱਲ ਰਾਹੁਲ ਦੀ ਟੀਮ ਨੇ ਆਖਰੀ ਓਵਰ 'ਚ ਹਾਸਲ ਕਰ ਲਿਆ।
ਇਸ ਮੈਚ 'ਚ ਬੇਸ਼ੱਕ ਰਵਿੰਦਰ ਜਡੇਜਾ ਕਪਤਾਨੀ ਕਰ ਰਹੇ ਸਨ ਪਰ ਜਦੋਂ ਉਹ ਬਾਊਂਡਰੀ 'ਤੇ ਫੀਲਡਿੰਗ ਕਰ ਰਹੇ ਸਨ ਤਾਂ ਮੈਚ ਆਖਰੀ ਦੋ ਓਵਰਾਂ ਤੱਕ ਪਹੁੰਚਣ 'ਤੇ ਐਮਐਸ ਧੋਨੀ ਫੀਲਡਿੰਗ ਲਗਾਉਂਦੇ ਨਜ਼ਰ ਆਏ।ਧੋਨੀ ਨੇ ਅਜਿਹਾ ਫੈਸਲਾ ਲਿਆ ਜਿਸ ਨਾਲ ਟੀਮ ਦੀ ਹਾਰ ਯਕੀਨੀ ਹੋ ਗਈ।
ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਦੂਜੀ ਪਾਰੀ ਦੇ 19ਵੇਂ ਓਵਰ ਦੀ, ਜਿਸ 'ਚ ਸ਼ਿਵਮ ਦੂਬੇ ਨੇ ਗੇਂਦਬਾਜ਼ੀ ਕਰਦੇ ਹੋਏ 25 ਦੌੜਾਂ ਦਿੱਤੀਆਂ ਅਤੇ ਇਸ ਓਵਰ ਕਾਰਨ ਚੇਨਈ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਓਵਰ ਤੋਂ ਪਹਿਲਾਂ ਮਾਹੀ ਨੂੰ ਦੁਬੇ ਨਾਲ ਗੱਲ ਕਰਦੇ ਵੀ ਦੇਖਿਆ ਗਿਆ ਸੀ, ਜਿਸ ਦਾ ਮਤਲਬ ਸੀ ਕਿ ਉਸ ਨੂੰ ਓਵਰ ਦੇਣ ਪਿੱਛੇ ਧੋਨੀ ਦਾ ਦਿਮਾਗ ਸੀ।