
ਇੱਥੇ ਸ਼ੇਖ ਜਾਇਦ ਸਟੇਡੀਅਮ ਵਿੱਚ ਖੇਡੇ ਗਏ ਆਈਸੀਸੀ ਟੀ-20 ਵਿਸ਼ਵ ਕੱਪ ਦੇ ਸੁਪਰ 12 ਮੈਚ ਵਿੱਚ ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਲਾਦੇਸ਼ ਨੇ 18.2 ਓਵਰਾਂ 'ਚ 10 ਵਿਕਟਾਂ ਦੇ ਨੁਕਸਾਨ 'ਤੇ 84 ਦੌੜਾਂ ਬਣਾਈਆਂ। ਜਵਾਬ 'ਚ ਦੌੜਾਂ ਦਾ ਪਿੱਛਾ ਕਰਨ ਉਤਰੀ ਦੱਖਣੀ ਅਫਰੀਕਾ ਦੀ ਟੀਮ ਨੇ 13.3 ਓਵਰਾਂ 'ਚ 4 ਵਿਕਟਾਂ ਗੁਆ ਕੇ ਟੀਚਾ ਪੂਰਾ ਕਰ ਲਿਆ।
ਅਫਰੀਕੀ ਟੀਮ ਲਈ ਕਪਤਾਨ ਤੇਂਬਾ ਬਾਵੁਮਾ (31) ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਬੰਗਲਾਦੇਸ਼ ਲਈ ਤਸਕੀਨ ਅਹਿਮਦ ਨੇ ਸਭ ਤੋਂ ਵੱਧ ਦੋ ਵਿਕਟਾਂ ਲਈਆਂ। ਮੇਹੇਦੀ ਹਸਨ ਅਤੇ ਨਸੁਮ ਅਹਿਮਦ ਨੂੰ ਇਕ-ਇਕ ਸਫਲਤਾ ਮਿਲੀ। ਟੀਚੇ ਦਾ ਪਿੱਛਾ ਕਰਨ ਉਤਰੀ ਦੱਖਣੀ ਅਫ਼ਰੀਕਾ ਦੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਪਾਵਰਪਲੇ ਵਿਚ ਹੀ ਟੀਮ ਨੇ ਤਿੰਨ ਵਿਕਟਾਂ ਗੁਆ ਦਿੱਤੀਆਂ |
ਇਸ ਦੌਰਾਨ ਕਵਿੰਟਨ ਡੀ ਕਾਕ (16), ਰੀਜ਼ਾ ਹੈਂਡਰਿਕਸ (4) ਅਤੇ ਰਾਸੀ ਵੈਨ ਡੇਰ ਡੁਸਨ (22) ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਬਾਅਦ ਏਡਨ ਮਾਰਕਰਮ (0) ਵੀ ਜਲਦੀ ਪੈਵੇਲੀਅਨ ਪਰਤ ਗਏ। ਡੇਵਿਡ ਮਿਲਰ (5) ਅਤੇ ਕਪਤਾਨ ਬਾਵੁਮਾ ਨੇ 28 ਗੇਂਦਾਂ 'ਤੇ ਤਿੰਨ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ ਨਾਬਾਦ 31 ਦੌੜਾਂ ਬਣਾਈਆਂ।