
ਆਸਟ੍ਰੇਲੀਆ ਨੇ ਇੰਗਲੈਂਡ ਖਿਲਾਫ ਐਸ਼ੇਜ਼ ਸੀਰੀਜ਼ ਦੇ ਪਹਿਲੇ ਦੋ ਟੈਸਟ ਮੈਚਾਂ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਉਸਮਾਨ ਖਵਾਜਾ ਦੀ ਦੋ ਸਾਲ ਬਾਅਦ ਟੀਮ ਵਿੱਚ ਵਾਪਸੀ ਹੋਈ ਹੈ। ਸ਼ੈਫੀਲਡ ਸ਼ੀਲਡ ਦੇ ਇਸ ਸੀਜ਼ਨ ਵਿੱਚ ਖਵਾਜਾ ਚੰਗੀ ਫਾਰਮ ਵਿੱਚ ਹੈ ਅਤੇ ਹੁਣ ਟ੍ਰੈਵਿਸ ਹੈੱਡ ਦੇ ਨਾਲ ਪਲੇਇੰਗ XI ਵਿੱਚ ਮੱਧਕ੍ਰਮ ਦੀ ਕਮਾਨ ਸੰਭਾਲੇਗਾ। ਖਵਾਜਾ ਨੇ ਆਖਰੀ ਵਾਰ ਹੈਡਿੰਗਲੇ ਵਿੱਚ 2019 ਏਸ਼ੇਜ਼ ਲੜੀ ਦੇ ਤੀਜੇ ਟੈਸਟ ਵਿੱਚ ਆਸਟਰੇਲੀਆ ਲਈ ਖੇਡਿਆ ਸੀ।
ਖਵਾਜਾ ਤੋਂ ਇਲਾਵਾ, ਚੋਣਕਾਰਾਂ ਨੇ ਨਾਥਨ ਲਿਓਨ ਦੇ ਬੈਕਅਪ ਵਜੋਂ ਅਨਕੈਪਡ ਲੈੱਗ ਸਪਿਨਰ ਮਿਸ਼ੇਲ ਸਵੇਪਸਨ ਨੂੰ ਵੀ ਸ਼ਾਮਲ ਕੀਤਾ ਹੈ। ਜਦਕਿ ਮਾਰਕਸ ਹੈਰਿਸ ਨੂੰ ਵੀ ਡੇਵਿਡ ਵਾਰਨਰ ਦੇ ਓਪਨਿੰਗ ਸਾਥੀ ਵਜੋਂ ਚੁਣਿਆ ਗਿਆ ਹੈ। ਹੈਰਿਸ ਨੂੰ ਹਾਲ ਹੀ ਵਿੱਚ ਚੋਣਕਰਤਾਵਾਂ ਦੇ ਚੇਅਰਮੈਨ ਜਾਰਜ ਬੇਲੀ ਨੇ ਚੋਟੀ ਦੇ ਕ੍ਰਮ ਲਈ ਸਮਰਥਨ ਦਿੱਤਾ ਸੀ।
ਪੈਟ ਕਮਿੰਸ, ਮਿਸ਼ੇਲ ਸਟਾਰਕ ਅਤੇ ਜੋਸ਼ ਹੇਜ਼ਲਵੁੱਡ ਦੀ ਤੇਜ਼ ਗੇਂਦਬਾਜ਼ੀ ਤਿਕੜੀ ਲਈ ਮਾਈਕਲ ਨੇਸਰ ਅਤੇ ਝਾਈ ਰਿਚਰਡਸਨ ਨੂੰ ਬੈਕਅੱਪ ਵਜੋਂ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਚੋਣਕਾਰਾਂ ਨੇ 11 ਮੈਂਬਰੀ ਆਸਟ੍ਰੇਲੀਆ ਏ ਟੀਮ ਦੀ ਚੋਣ ਕੀਤੀ ਹੈ, ਜੋ ਏਸ਼ੇਜ਼ ਸੀਰੀਜ਼ ਦੀ ਤਿਆਰੀ ਲਈ ਮੋਹਰੀ ਟੀਮ ਦੇ ਖਿਲਾਫ 1 ਤੋਂ 3 ਦਸੰਬਰ ਤੱਕ ਇੰਟਰਾ-ਸਕਵਾਡ ਮੈਚ ਖੇਡੇਗੀ। ਇਸ ਟੀਮ ਵਿੱਚ ਟੀ-20 ਵਿਸ਼ਵ ਕੱਪ 2021 ਦੇ ਫਾਈਨਲ ਵਿੱਚ ਆਸਟਰੇਲੀਆ ਦੀ ਜਿੱਤ ਦਾ ਹੀਰੋ ਮਿਸ਼ੇਲ ਮਾਰਸ਼ ਵੀ ਸ਼ਾਮਲ ਹੈ।