
ਇੰਗਲੈਂਡ ਨੇ ਜੋਫਰਾ ਆਰਚਰ, ਕ੍ਰਿਸ ਵੋਕਸ ਅਤੇ ਸੈਮ ਕਰ੍ਰਨ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਚਲਦੇ ਮੈਨਚੇਸਟਰ ਵਿਖੇ ਖੇਡੇ ਗਏ ਦੂਜੇ ਵਨਡੇ ਮੈਚ ਵਿਚ ਆਸਟਰੇਲੀਆ ਨੂੰ 24 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਇੰਗਲੈਂਡ ਨੇ ਲੜੀ ਵਿਚ 1-1 ਦੀ ਬਰਾਬਰੀ ਕਰ ਲਈ ਹੈ। ਇੰਗਲੈਂਡ ਦੀਆਂ 231 ਦੌੜਾਂ ਦੇ ਜਵਾਬ ਵਿਚ ਆਸਟਰੇਲੀਆ 48.4 ਓਵਰਾਂ ਵਿਚ 207 ਦੌੜਾਂ 'ਤੇ ਆਲ ਆਉਟ ਹੋ ਗਿਆ। ਇਕ ਸਮੇਂ ਆਸਟਰੇਲੀਆ ਦਾ ਸਕੋਰ 30.4 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ 'ਤੇ 144 ਦੌੜਾਂ ਸੀ। ਪਰ ਇੰਗਲੈਂਡ ਦੇ ਗੇਂਦਬਾਜ਼ਾਂ ਨੇ ਲਾਜਵਾਬ ਵਾਪਸੀ ਕਰਦੇ ਹੋਏ, ਪੂਰੀ ਤਰ੍ਹਾਂ ਮੈਚ ਦਾ ਪਾਸਾ ਪਲਟ ਦਿੱਤਾ ਅਤੇ ਕੰਗਾਰੂ ਟੀਮ ਨੂੰ ਅਗਲੀ 63 ਦੌੜਾਂ 'ਤੇ ਸਮੇਟ ਕੇ ਹਾਰ ਦੇ ਜਬੜ੍ਹੇ ਤੋਂ ਜਿੱਤ ਖੋਹ ਲਈ।
ਆਰਚਰ ਨੂੰ ਉਸ ਦੀ ਸ਼ਾਨਦਾਰ ਗੇਂਦਬਾਜ਼ੀ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ।
ਆਸਟਰੇਲੀਆ ਨੇ ਟੀਚੇ ਦਾ ਪਿੱਛਾ ਕਰਦਿਆਂ ਸ਼ੁਰੂਆਤ ਕੀਤੀ ਅਤੇ ਡੇਵਿਡ ਵਾਰਨਰ (6) ਅਤੇ ਮਾਰਕਸ ਸਟੋਨੀਸ (9) ਕੁੱਲ 37 ਦੌੜਾਂ 'ਤੇ ਪਵੇਲੀਅਨ ਪਰਤ ਗਏ। ਉਸ ਤੋਂ ਬਾਅਦ ਕਪਤਾਨ ਐਰੋਨ ਫਿੰਚ ਨੇ ਮਾਰਨਸ ਲਾਬੂਸ਼ਨੇ ਨਾਲ ਮਿਲ ਕੇ ਪਾਰੀ ਨੂੰ ਸੰਭਾਲਿਆ ਅਤੇ ਤੀਜੇ ਵਿਕਟ ਲਈ 107 ਦੌੜਾਂ ਜੋੜੀਆਂ। ਫਿੰਚ ਨੇ 105 ਗੇਂਦਾਂ ਵਿੱਚ 8 ਚੌਕਿਆਂ ਅਤੇ 1 ਛੱਕਿਆਂ ਦੀ ਮਦਦ ਨਾਲ 73 ਦੌੜਾਂ ਬਣਾਈਆਂ, ਜਦੋਂ ਕਿ ਲਬੂਸ਼ੇਨੇ ਨੇ 59 ਗੇਂਦਾਂ ਵਿੱਚ 3 ਚੌਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ।