
ਚੇਤੇਸ਼ਵਰ ਪੁਜਾਰਾ ਆਪਣੇ ਅੰਤਰਰਾਸ਼ਟਰੀ ਡੈਬਿਊ ਤੋਂ ਹੀ ਟੈਸਟ ਸਪੈਸ਼ਲਿਸਟ ਵਜੋਂ ਜਾਣੇ ਜਾਂਦੇ ਹਨ। ਹਾਲਾਂਕਿ ਹਾਲ ਹੀ 'ਚ ਪੁਜਾਰਾ ਨੇ ਆਪਣੀ ਬੱਲੇਬਾਜ਼ੀ ਦਾ ਵੱਖਰਾ ਪੱਖ ਦਿਖਾਇਆ ਹੈ। ਸਸੇਕਸ ਦੀ ਕਪਤਾਨੀ ਕਰ ਰਹੇ ਪੁਜਾਰਾ ਨੇ ਇੰਗਲੈਂਡ 'ਚ ਰਾਇਲ ਲੰਦਨ ਵਨ ਡੇ ਕੱਪ 'ਚ ਧਮਾਕੇਦਾਰ ਬੱਲੇਬਾਜ਼ੀ ਕੀਤੀ। ਪੁਜਾਰਾ ਨੇ 89.14 ਦੀ ਔਸਤ ਅਤੇ 111.62 ਦੀ ਚੰਗੀ ਸਟ੍ਰਾਈਕ ਰੇਟ ਨਾਲ 624 ਦੌੜਾਂ ਬਣਾਈਆਂ।
ਇਸ ਦੌਰਾਨ ਭਾਰਤੀ ਬੱਲੇਬਾਜ਼ ਨੇ ਤਿੰਨ ਸੈਂਕੜੇ ਅਤੇ ਦੋ ਅਰਧ ਸੈਂਕੜੇ ਵੀ ਲਗਾਏ। ਪੁਜਾਰਾ ਦੇ ਸਾਰੇ ਸੈਂਕੜੇ 130 ਤੋਂ ਵੱਧ ਦੀ ਸਟ੍ਰਾਈਕ ਰੇਟ 'ਤੇ ਬਣੇ। ਪੁਜਾਰਾ ਦੀ ਇਸ ਬੱਲੇਬਾਜ਼ੀ ਨੂੰ ਦੇਖ ਕੇ ਭਾਰਤੀ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਕਿਉਂਕਿ ਕਿਸੇ ਨੇ ਨਹੀਂ ਸੋਚਿਆ ਸੀ ਕਿ ਪੁਜਾਰਾ ਵੀ ਅਜਿਹੀ ਬੱਲੇਬਾਜ਼ੀ ਕਰ ਸਕਦਾ ਹੈ ਪਰ ਹੁਣ ਜਦੋਂ ਪੁਜਾਰਾ ਨੇ ਕਰ ਦਿਖਾਇਆ ਹੈ ਤਾਂ ਆਉਣ ਵਾਲੇ ਆਈ.ਪੀ.ਐੱਲ. 'ਚ ਸ਼ਾਇਦ ਉਸ ਵਿਚ ਕੋਈ ਫਰੈਂਚਾਈਜ਼ੀ ਦਿਲਚਸਪੀ ਦਿਖਾਵੇ।
ਪੁਜਾਰਾ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) 2021 ਲਈ ਚੇਨਈ ਸੁਪਰ ਕਿੰਗਜ਼ (CSK) ਨੇ ਖਰੀਦਿਆ ਸੀ ਪਰ ਕਦੇ ਵੀ ਖੇਡਣ ਦਾ ਮੌਕਾ ਨਹੀਂ ਮਿਲਿਆ। ਪਰ ਹੁਣ ਪੁਜਾਰਾ ਨੇ ਖੁਦ ਖੁਲਾਸਾ ਕੀਤਾ ਹੈ ਕਿ ਇਹ ਉਹ ਸੀਜ਼ਨ ਸੀ ਜਿੱਥੋਂ ਉਨ੍ਹਾਂ ਦੀ ਖੇਡ ਬਦਲ ਗਈ। ਆਪਣੀ ਪਹੁੰਚ ਵਿੱਚ ਬਦਲਾਅ ਬਾਰੇ ਗੱਲ ਕਰਦੇ ਹੋਏ ਪੁਜਾਰਾ ਨੇ ਦੱਸਿਆ ਕਿ ਆਈਪੀਐਲ ਦੇ ਉਸ ਸੀਜ਼ਨ ਵਿੱਚ ਬੈਂਚ 'ਤੇ ਬੈਠਣ ਤੋਂ ਬਾਅਦ ਵੀ ਉਨ੍ਹਾਂ ਦੀ ਖੇਡ ਕਿਵੇਂ ਬਦਲ ਗਈ ਸੀ।