
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਮੰਗਲਵਾਰ ਨੂੰ ਮੁੰਬਈ 'ਚ ਹੋਈ ਸਾਲਾਨਾ ਆਮ ਬੈਠਕ (ਏ.ਜੀ.ਐੱਮ.) ਦੌਰਾਨ ਵੱਡਾ ਫੈਸਲਾ ਲੈਂਦਿਆਂ ਭਾਰਤੀ ਪ੍ਰਸ਼ੰਸਕਾਂ ਨੂੰ ਖੁਸ਼ੀ ਦਾ ਇਕ ਹੋਰ ਮੌਕਾ ਦਿੱਤਾ ਹੈ। ਜੀ ਹਾਂ, ਬੀਸੀਸੀਆਈ ਨੇ ਬਹੁਤ ਉਡੀਕੀ ਜਾ ਰਹੀ ਮਹਿਲਾ ਇੰਡੀਅਨ ਪ੍ਰੀਮੀਅਰ ਲੀਗ ਨੂੰ ਮਨਜ਼ੂਰੀ ਦੇ ਦਿੱਤੀ ਹੈ। ਏਜੀਐਮ ਦੌਰਾਨ ਬੀਸੀਸੀਆਈ ਦੇ ਨਵੇਂ ਪ੍ਰਧਾਨ ਰੋਜਰ ਬਿੰਨੀ ਦੀ ਨਿਯੁਕਤੀ ਸਮੇਤ ਕਈ ਅਹਿਮ ਫੈਸਲੇ ਲਏ ਗਏ ਅਤੇ ਇਹ ਉਨ੍ਹਾਂ ਵਿੱਚੋਂ ਇੱਕ ਸੀ।
ਬੀਸੀਸੀਆਈ ਨੇ ਮਹਿਲਾ ਆਈਪੀਐਲ ਨੂੰ ਲੈ ਕੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ, "ਜਨਰਲ ਬਾਡੀ ਨੇ ਮਹਿਲਾ ਇੰਡੀਅਨ ਪ੍ਰੀਮੀਅਰ ਲੀਗ ਦੇ ਆਯੋਜਨ ਲਈ ਆਪਣੀ ਮਨਜ਼ੂਰੀ ਦੇ ਦਿੱਤੀ ਹੈ।"
ਹਾਲਾਂਕਿ ਅਜੇ ਤੱਕ ਮਹਿਲਾ ਆਈਪੀਐਲ ਲਈ ਕਿਸੇ ਅਧਿਕਾਰਤ ਵਿੰਡੋ ਦਾ ਐਲਾਨ ਨਹੀਂ ਕੀਤਾ ਗਿਆ ਹੈ, ਪਰ ਵੱਖ-ਵੱਖ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਗਲੇ ਸਾਲ ਮਾਰਚ ਵਿੱਚ ਮਹਿਲਾ ਆਈਪੀਐਲ ਨੂੰ ਇੱਕ ਵਿੰਡੋ ਮਿਲ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਪੰਜ ਟੀਮਾਂ ਦਾ ਮੁਕਾਬਲਾ ਹੋ ਸਕਦਾ ਹੈ ਅਤੇ ਇਸ ਮਹਿਲਾ ਲੀਗ ਦਾ ਪਹਿਲਾ ਸੀਜ਼ਨ ਕਥਿਤ ਤੌਰ 'ਤੇ ਦੱਖਣੀ ਅਫਰੀਕਾ ਵਿੱਚ 2023 ਦੇ ਮਹਿਲਾ ਟੀ-20 ਵਿਸ਼ਵ ਕੱਪ ਤੋਂ ਬਾਅਦ ਸ਼ੁਰੂ ਹੋ ਸਕਦਾ ਹੈ।