
ਜਿਸ ਦਿਨ ਦਾ ਭਾਰਤੀ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਉਹ ਦਿਨ ਆ ਗਿਆ। ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਨੇ ਪਾਕਿਸਤਾਨ ਦੇ ਇਰਾਦਿਆਂ ਨੂੰ ਖੋਰਾ ਲਗਾਉਂਦੇ ਹੋਏ ਅਗਲੇ ਫਿਊਚਰ ਟੂਰ ਪ੍ਰੋਗਰਾਮ (ਐਫਟੀਪੀ) ਸਰਕਲ ਵਿੱਚ ਆਈਪੀਐਲ ਲਈ ਢਾਈ ਮਹੀਨਿਆਂ ਦੀ ਵਿਸ਼ੇਸ਼ ਵਿੰਡੋ ਦਿੱਤੀ ਹੈ। ਇਸ ਖਬਰ ਦੇ ਆਉਣ ਤੋਂ ਬਾਅਦ ਭਾਰਤ 'ਚ ਖੁਸ਼ੀ ਦਾ ਮਾਹੌਲ ਹੈ ਜਦਕਿ ਪਾਕਿਸਤਾਨ 'ਚ ਨਿਰਾਸ਼ਾ ਹੈ।
ਈਐਸਪੀਐਨ ਕ੍ਰਿਕਇੰਫੋ ਦੀ ਰਿਪੋਰਟ ਦੇ ਅਨੁਸਾਰ, ਆਈਸੀਸੀ ਦੇ 2023-2027 ਐਫਟੀਪੀ ਵਿੱਚ ਕਈ ਦੇਸ਼ਾਂ ਦੀਆਂ ਸੀਰੀਜ਼ਾਂ ਤੋਂ ਇਲਾਵਾ ਦੋ ਵਿਸ਼ਵ ਟੈਸਟ ਚੈਂਪੀਅਨਸ਼ਿਪ, ਆਈਸੀਸੀ ਟੀ-20 ਵਿਸ਼ਵ ਕੱਪ ਅਤੇ ਵਨਡੇ ਵਿਸ਼ਵ ਕੱਪ ਸ਼ਾਮਲ ਹਨ। ਇਸ ਦੇ ਨਾਲ ਹੀ ਅਗਲੇ ਸਾਲ ਯਾਨੀ 2023 ਤੋਂ ਆਈਪੀਐਲ ਲਈ ਢਾਈ ਮਹੀਨਿਆਂ ਦੀ ਵੱਖਰੀ ਵਿੰਡੋ ਹੋਵੇਗੀ, ਜਿਸ ਦਾ ਮਤਲਬ ਹੈ ਕਿ ਆਈਪੀਐਲ ਦੌਰਾਨ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਜਾਵੇਗਾ।
ਆਈਪੀਐਲ ਵਿੱਚ ਖੇਡਣ ਵਾਲੇ ਸਾਰੇ ਦੇਸ਼ਾਂ ਦੇ ਖਿਡਾਰੀ ਪੂਰੀ ਤਰ੍ਹਾਂ ਨਾਲ ਆਈਪੀਐਲ ਨੂੰ ਸਮਰਪਿਤ ਹੋਣਗੇ, ਇਸ ਲਈ ਪ੍ਰਸ਼ੰਸਕਾਂ ਨੂੰ ਇਨ੍ਹਾਂ ਢਾਈ ਮਹੀਨਿਆਂ ਵਿੱਚ ਸਿਰਫ਼ ਅਤੇ ਸਿਰਫ਼ ਮਨੋਰੰਜਨ ਮਿਲੇਗਾ। ਆਈਸੀਸੀ ਦੇ ਇਸ ਫੈਸਲੇ ਨਾਲ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਵੱਡਾ ਝਟਕਾ ਲੱਗਾ ਹੈ ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਬੀਸੀਸੀਆਈ ਖ਼ਿਲਾਫ਼ ਬੋਲ ਰਹੇ ਸਨ ਅਤੇ ਉਨ੍ਹਾਂ ਨੇ ਆਈਪੀਐਲ ਨੂੰ ਮਿਲਣ ਵਾਲੀ ਵਿੰਡੋ ਖ਼ਿਲਾਫ਼ ਆਈਸੀਸੀ ਕੋਲ ਸ਼ਿਕਾਇਤ ਕਰਨ ਦਾ ਫ਼ੈਸਲਾ ਕੀਤਾ ਸੀ। ਹਾਲਾਂਕਿ ਹੁਣ ਇਸ ਫੈਸਲੇ ਨਾਲ ਆਈਸੀਸੀ ਨੇ ਪੀਸੀਬੀ ਨੂੰ ਵੱਡਾ ਝਟਕਾ ਦਿੱਤਾ ਹੈ।