
ਭਾਰਤ ਅਤੇ ਆਸਟਰੇਲੀਆ ਵਿਚਾਲੇ ਕੈਨਬਰਾ ਦੇ ਮੈਦਾਨ ਤੇ ਖੇਡੇ ਗਏ ਤਿੰਨ ਮੈਚਾਂ ਦੀ ਟੀ -20 ਸੀਰੀਜ਼ ਦੇ ਪਹਿਲੇ ਮੈਚ ਵਿਚ ਭਾਰਤ ਨੇ ਆਸਟਰੇਲੀਆ ਨੂੰ 11 ਦੌੜਾਂ ਨਾਲ ਹਰਾ ਦਿੱਤਾ ਹੈ। ਆਸਟਰੇਲੀਆ ਦੀ ਟੀਮ, ਭਾਰਤ ਦੁਆਰਾ ਦਿੱਤੇ ਗਏ 162 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਕੰਗਾਰੂ ਸ਼ੁਰੂਆਤ ਤੋਂ ਹੀ ਫਸੇ ਨਜਰ ਆਏ ਅਤੇ ਪੂਰੀ ਟੀਮ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ 'ਤੇ ਸਿਰਫ 150 ਦੌੜਾਂ ਹੀ ਬਣਾ ਸਕੀ।
ਆਸਟਰੇਲੀਆ ਲਈ ਕਪਤਾਨ ਐਰੋਨ ਫਿੰਚ ਸਭ ਤੋਂ ਸਫਲ ਬੱਲੇਬਾਜ਼ ਰਹੇ, ਉਹਨਾਂ ਨੇ 35 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਉਹਨਾਂ ਦੇ ਸਲਾਮੀ ਬੱਲੇਬਾਜ਼ ਡਾਰਸੀ ਸ਼ੌਰਟ ਨੇ 34 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਕੋਈ ਵੀ ਆਸਟਰੇਲੀਆਈ ਬੱਲੇਬਾਜ਼ ਭਾਰਤੀ ਗੇਂਦਬਾਜਾਂ ਦੇ ਖਿਲਾਫ ਦੌੜਾਂ ਨਹੀਂ ਬਣਾ ਸਕਿਆ।
ਹਰ ਗੇਂਦਬਾਜ਼ ਨੇ ਮੈਚ ਵਿਚ ਭਾਰਤ ਲਈ ਵਧੀਆ ਪ੍ਰਦਰਸ਼ਨ ਕੀਤਾ ਅਤੇ ਆਸਟਰੇਲੀਆ ਦੇ ਬੱਲੇਬਾਜ਼ਾਂ ਨੂੰ ਬੰਨ੍ਹੇ ਰੱਖਿਆ। ਟੀ ਨਟਰਾਜਨ ਅਤੇ ਯੁਜਵੇਂਦਰ ਚਾਹਲ ਭਾਰਤ ਲਈ ਸਭ ਤੋਂ ਸਫਲ ਗੇਂਦਬਾਜ਼ ਸਨ। ਦੋਵਾਂ ਨੇ ਆਪਣੇ ਖਾਤੇ ਵਿਚ 3-3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਦੀਪਕ ਚਾਹਰ ਨੇ ਵੀ ਇੱਕ ਵਿਕਟ ਹਾਸਲ ਕੀਤੀ।