
ਹਾਰਦਿਕ ਪਾਂਡਿਆ ਸ਼ਾਇਦ ਗੇਂਦ ਨਾਲ ਟੀਮ ਲਈ ਯੋਗਦਾਨ ਨਹੀਂ ਦੇ ਪਾ ਰਹੇ ਹਨ ਪਰ ਬੱਲੇ ਨਾਲ ਉਹ ਟੀਮ ਲਈ ਹਰ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਐਤਵਾਰ ਨੂੰ ਸਿਡਨੀ ਕ੍ਰਿਕਟ ਗਰਾਉਂਡ ਵਿਚ ਖੇਡੇ ਗਏ ਦੂਜੇ ਟੀ-20 ਮੈਚ ਵਿਚ ਉਹਨਾਂ ਨੇ 22 ਗੇਂਦਾਂ ਵਿਚ ਅਜੇਤੂ 42 ਦੌੜਾਂ ਦੀ ਪਾਰੀ ਖੇਡੀ ਅਤੇ ਆਸਟਰੇਲੀਆ ਖ਼ਿਲਾਫ਼ ਮੈਚ ਵਿਚ ਭਾਰਤ ਨੂੰ ਛੇ ਵਿਕਟਾਂ ਨਾਲ ਜਿੱਤ ਦਿਵਾ ਦਿੱਤੀ। ਸ਼ਿਖਰ ਧਵਨ (52) ਅਤੇ ਕਪਤਾਨ ਵਿਰਾਟ ਕੋਹਲੀ (40) ਨੇ ਵੀ ਆਸਟਰੇਲੀਆ ਦੇ ਗੇਂਦਬਾਜਾਂ ਨੂੰ ਬਹੁਤ ਕੁੱਟਿਆ।
ਭਾਰਤੀ ਟੀਮ ਆਖਰੀ ਤਿੰਨ ਓਵਰਾਂ ਵਿਚ ਮੁਸ਼ਕਲ ਵਿਚ ਨਜਰ ਆ ਰਹੀ ਸੀ ਪਰ ਸ਼੍ਰੇਅਰ ਅਈਅਰ ਅਤੇ ਹਾਰਿਦਕ ਪਾਂਡਿਆ ਨੇ ਮੈਚ ਦਾ ਪਾਸਾ ਮੋੜ ਦਿੱਤਾ ਤੇ ਭਾਰਤ ਨੇ ਸੀਰੀਜ ਜਿੱਤ ਲਈ।
18 ਵੇਂ ਓਵਰ ਵਿੱਚ ਅਈਅਰ ਨੇ ਲੈੱਗ ਸਪਿੰਨਰ ਐਡਮ ਜੈਂਪਾ ਦੇ ਓਵਰ ਵਿਚ ਇੱਕ ਚੌਕਾ ਅਤੇ ਇੱਕ ਛੱਕਾ ਲਗਾਇਆ। ਇਸ ਤੋੰ ਬਾਅਦ ਪਾਂਡਿਆ ਨੇ ਐਂਡਰਿਉ ਟਾਇ ਨੂੰ 19 ਵੇਂ ਓਵਰ ਵਿੱਚ ਦੋ ਚੌਕੇ ਲਗਾਏ। ਭਾਰਤ ਨੂੰ ਆਖਰੀ ਓਵਰ ਵਿਚ 14 ਦੌੜਾਂ ਦੀ ਲੋੜ ਸੀ। ਪਾਂਡਿਆ ਨੇ ਪਹਿਲੀ ਗੇਂਦ 'ਤੇ ਦੋ ਦੌੜਾਂ ਬਣਾਈਆਂ ਅਤੇ ਫਿਰ ਦੋ ਛੱਕੇ ਲਗਾਏ, ਭਾਰਤ ਨੇ ਦੋ ਗੇਂਦਾਂ ਪਹਿਲਾਂ ਹੀ ਟੀਚੇ ਨੂੰ ਹਾਸਲ ਕਰ ਲਿਆ।