
ਦਿੱਲੀ ਕੈਪੀਟਲਜ਼ ਬਨਾਮ ਲਖਨਊ ਸੁਪਰ ਜਾਇੰਟਸ: ਕਪਤਾਨ ਕੇਐਲ ਰਾਹੁਲ (77) ਅਤੇ ਦੀਪਕ ਹੁੱਡਾ (52) ਦੇ ਅਰਧ ਸੈਂਕੜੇ ਅਤੇ ਮੋਹਸਿਨ ਖਾਨ (4/16) ਦੀ ਸ਼ਾਨਦਾਰ ਗੇਂਦਬਾਜ਼ੀ ਨੇ ਐਤਵਾਰ ਨੂੰ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਨੂੰ ਜਿੱਤ ਹਾਸਲ ਕਰਨ ਵਿਚ ਮਦਦ ਕੀਤੀ। ਲਖਨਊ ਨੇ ਦਿੱਲੀ ਕੈਪੀਟਲਜ਼ ਨੂੰ 20 ਓਵਰਾਂ ਵਿੱਚ ਸੱਤ ਵਿਕਟਾਂ 'ਤੇ 189 ਦੌੜਾਂ 'ਤੇ ਰੋਕ ਦਿੱਤਾ ਅਤੇ ਮੈਚ 6 ਦੌੜਾਂ ਨਾਲ ਜਿੱਤ ਲਿਆ।
ਇਸ ਦੇ ਨਾਲ ਹੀ ਲਖਨਊ ਦੀ ਟੀਮ ਅੰਕਾਂ ਸੂਚੀ ਵਿੱਚ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਦਸ ਮੈਚਾਂ ਵਿੱਚ ਲਖਨਊ ਦੀ ਇਹ ਸੱਤਵੀਂ ਜਿੱਤ ਹੈ ਅਤੇ ਉਸਦੇ 14 ਅੰਕ ਹਨ। ਇਸ ਮੈਚ ਵਿਚ ਮੋਹਸਿਨ ਖਾਨ ਨੇ ਲਖਨਊ ਲਈ 4 ਸਫਲਤਾਵਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਦੁਸ਼ਮੰਥਾ ਚਮੀਰਾ, ਕ੍ਰਿਸ਼ਨੱਪਾ ਗੌਤਮ ਅਤੇ ਰਵੀ ਬਿਸ਼ਨੋਈ ਨੇ ਇਕ-ਇਕ ਵਿਕਟ ਲਈ।
ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਕੈਪੀਟਲਜ਼ ਨੂੰ ਦੋ ਸ਼ੁਰੂਆਤੀ ਝਟਕੇ ਲੱਗੇ ਕਿਉਂਕਿ ਦੋਵੇਂ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ (5) ਅਤੇ ਡੇਵਿਡ ਵਾਰਨਰ (3) ਜਲਦੀ ਹੀ ਪੈਵੇਲੀਅਨ ਪਰਤ ਗਏ ਪਰ ਮਿਸ਼ੇਲ ਮਾਰਸ਼ ਅਤੇ ਕਪਤਾਨ ਰਿਸ਼ਭ ਪੰਤ ਨੇ ਧਮਾਕੇਦਾਰ ਪਾਰੀ ਖੇਡੀ ਅਤੇ ਪਾਵਰਪਲੇ ਦੇ ਅੰਤ ਤੱਕ ਟੀਮ ਦਾ ਸਕੋਰ 66 ਦੌੜਾਂ 'ਤੇ ਪਹੁੰਚ ਗਿਆ। ਹਾਲਾਂਕਿ 7.1 ਓਵਰਾਂ 'ਚ ਕ੍ਰਿਸ਼ਨੱਪਾ ਨੇ ਮਾਰਸ਼ (37) ਨੂੰ ਆਉਟ ਕਰ ਦਿੱਤਾ।