
ਨਿਤੀਸ਼ ਰਾਣਾ (ਅਜੇਤੂ 48) ਅਤੇ ਰਿੰਕੂ ਸਿੰਘ (ਅਜੇਤੂ 42) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੇ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ 47ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ (ਆਰਆਰ) ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਸੋਮਵਾਰ ਨੂੰ ਖੇਡੇ ਗਏ ਇਸ ਮੈਚ ਵਿਚ ਰਾਜਸਥਾਨ ਨੇ 20 ਓਵਰਾਂ 'ਚ ਪੰਜ ਵਿਕਟਾਂ ਦੇ ਨੁਕਸਾਨ 'ਤੇ 152 ਦੌੜਾਂ ਬਣਾਈਆਂ ਪਰ ਇਹ ਦੌੜ੍ਹਾਂ ਨਾਕਾਫੀ ਸਾਬਿਤ ਹੋਈਆਂ।
ਲਗਾਤਾਰ ਪੰਜ ਹਾਰਾਂ ਤੋਂ ਬਾਅਦ ਕੋਲਕਾਤਾ ਦੀ ਇਹ ਚੌਥੀ ਜਿੱਤ ਹੈ ਅਤੇ ਰਾਜਸਥਾਨ ਦੀ ਇਸ ਸੀਜ਼ਨ ਦੀ ਚੌਥੀ ਹਾਰ ਹੈ। ਰਿੰਕੂ ਸਿੰਘ ਨੂੰ ਉਸ ਦੀ ਸ਼ਾਨਦਾਰ ਬੱਲੇਬਾਜ਼ੀ ਲਈ ਕੇਕੇਆਰ ਵੱਲੋਂ 'ਪਲੇਅਰ ਆਫ਼ ਦਾ ਮੈਚ' ਦਾ ਪੁਰਸਕਾਰ ਦਿੱਤਾ ਗਿਆ। ਰਾਜਸਥਾਨ ਵੱਲੋਂ ਦਿੱਤੇ 153 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਕੇਕੇਆਰ ਟੀਮ ਦੀ ਸ਼ੁਰੂਆਤ ਖ਼ਰਾਬ ਰਹੀ। ਬਾਬਾ ਇੰਦਰਜੀਤ ਸਿੰਘ ਅਤੇ ਆਰੋਨ ਫਿੰਚ ਨੇ ਪਾਰੀ ਦੀ ਸ਼ੁਰੂਆਤ ਕੀਤੀ।
ਰਾਜਸਥਾਨ ਲਈ ਦੂਜੀ ਪਾਰੀ ਦਾ ਪਹਿਲਾ ਓਵਰ ਟ੍ਰੇਂਟ ਬੋਲਟ ਨੇ ਕੀਤਾ। ਬੋਲਟ ਨੇ ਪਹਿਲੇ ਓਵਰ 'ਚ ਸਿਰਫ 6 ਦੌੜਾਂ ਦਿੱਤੀਆਂ। ਇਸ ਦੇ ਨਾਲ ਹੀ ਗੇਂਦਬਾਜ਼ ਕੁਲਦੀਪ ਸੇਨ ਨੇ ਆਪਣੇ ਓਵਰ ਦੀ ਪਹਿਲੀ ਗੇਂਦ 'ਤੇ ਆਰੋਨ ਫਿੰਚ (4) ਨੂੰ ਕਲੀਨ ਬੋਲਡ ਕਰ ਦਿੱਤਾ। ਉਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਕਪਤਾਨ ਸ਼੍ਰੇਅਸ ਅਈਅਰ ਕ੍ਰੀਜ਼ 'ਤੇ ਆਏ।