
ਕਪਤਾਨ ਡੀਨ ਐਲਗਰ (96) ਦੀ ਸ਼ਾਨਦਾਰ ਅਜੇਤੂ ਪਾਰੀ ਦੀ ਬਦੌਲਤ ਦੱਖਣੀ ਅਫਰੀਕਾ ਨੇ ਵਾਂਡਰਜ਼ 'ਚ ਦੂਜੇ ਟੈਸਟ ਮੈਚ ਦੇ ਚੌਥੇ ਦਿਨ ਵੀਰਵਾਰ ਨੂੰ ਭਾਰਤ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਇਸ ਨਾਲ ਤਿੰਨ ਮੈਚਾਂ ਦੀ ਟੈਸਟ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ। ਇਸ ਦੇ ਨਾਲ ਹੀ ਭਾਰਤ ਨੂੰ ਪਹਿਲੀ ਵਾਰ ਜੋਹਾਨਸਬਰਗ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
ਅਫਰੀਕੀ ਕਪਤਾਨ ਡੀਨ ਐਲਗਰ ਅਤੇ ਰਾਸੀ ਵਾਨ ਡੇਰ ਡੁਸਨ ਨੇ 160 ਗੇਂਦਾਂ 'ਤੇ 82 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਟੀਮ ਨੂੰ ਜਿੱਤ ਦਿਵਾਈ। ਮੀਂਹ ਕਾਰਨ ਦੇਰੀ ਨਾਲ ਸ਼ੁਰੂ ਹੋਏ ਚੌਥੇ ਦਿਨ ਦੀ ਖੇਡ ਵਿੱਚ ਦੱਖਣੀ ਅਫਰੀਕਾ ਸ਼ੁਰੂ ਤੋਂ ਹੀ ਦਬਦਬਾ ਰਿਹਾ। ਉਨ੍ਹਾਂ ਦੇ ਬੱਲੇਬਾਜ਼ਾਂ, ਕਪਤਾਨ ਐਲਗਰ ਅਤੇ ਦੁਸਾਨ ਨੇ ਭਾਰਤੀ ਗੇਂਦਬਾਜ਼ਾਂ ਦੀ ਪ੍ਰੀਖਿਆ ਲਈ। ਇਸ ਦੌਰਾਨ ਭਾਰਤੀ ਗੇਂਦਬਾਜ਼ਾਂ ਦੀਆਂ ਚੰਗੀਆਂ ਗੇਂਦਾਂ 'ਤੇ ਵੀ ਚੌਕੇ ਲੱਗੇ ਅਤੇ ਕਪਤਾਨ ਐਲਗਰ ਨੇ ਵੀ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
ਇਸ ਦੌਰਾਨ ਕਪਤਾਨ ਐਲਗਰ ਅਤੇ ਡੂਸਨ ਵਿਚਾਲੇ 160 ਗੇਂਦਾਂ 'ਤੇ 82 ਦੌੜਾਂ ਦੀ ਲੰਬੀ ਸਾਂਝੇਦਾਰੀ ਨੂੰ ਮੁਹੰਮਦ ਸ਼ਮੀ ਨੇ 53ਵੇਂ ਓਵਰ 'ਚ ਉਸ ਸਮੇਂ ਤੋੜ ਦਿੱਤਾ, ਜਦੋਂ ਦੁਸਾਨ (40) ਦਾ ਪੁਜਾਰਾ ਨੇ ਕੈਚ ਫੜ੍ਹ ਲਿਆ। ਇਸ ਤੋਂ ਬਾਅਦ ਕਪਤਾਨ ਐਲਗਰ ਦੇ ਨਾਲ ਪੰਜਵੇਂ ਨੰਬਰ ਬੱਲੇਬਾਜ਼ ਟੇਂਬਾ ਬਾਵੁਮਾ ਨੇ ਪਾਰੀ ਦੀ ਅਗਵਾਈ ਕੀਤੀ। ਇੱਥੇ ਟੀਮ ਨੂੰ ਜਿੱਤ ਲਈ ਅਜੇ 60 ਦੌੜਾਂ ਦੀ ਲੋੜ ਸੀ, ਜਦਕਿ ਭਾਰਤ ਨੂੰ ਸੀਰੀਜ਼ 'ਚ ਅਜੇਤੂ ਬੜ੍ਹਤ ਹਾਸਲ ਕਰਨ ਲਈ 7 ਵਿਕਟਾਂ ਦੀ ਲੋੜ ਸੀ।